ਸਰਕਾਰ ਭਾਵੇਂ ਵਾਰਡਾਂ ਦੀ ਜਿੰਨੀ ਵੀ ਕੱਟ-ਵੱਢ ਕਰ ਲਵੇ ਜਿੱਤ ਕਾਂਗਰਸ ਪਾਰਟੀ ਦੀ ਹੀ ਹੋਵੇਗੀ : ਅਮਰਜੀਤ ਸਿੰਘ ਜੀਤੀ ਸਿੱਧੂ
ਵਾਰਡਾਂ ਦੀ ਜਿੰਨੀ ਵੀ ਕੱਟ-ਵੱਢ ਕਰ ਲਵੇ ਜਿੱਤ ਕਾਂਗਰਸ ਪਾਰਟੀ ਦੀ ਹੀ ਹੋਵੇਗੀ : ਅਮਰਜੀਤ ਸਿੰਘ ਜੀਤੀ ਸਿੱਧੂ
Publish Date: Thu, 11 Dec 2025 09:13 PM (IST)
Updated Date: Thu, 11 Dec 2025 09:15 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਨਗਰ ਨਿਗਮ ਦੀ ਵਾਰਡਬੰਦੀ ਦੌਰਾਨ ਮੌਜੂਦਾ ਵਾਰਡਾਂ ਦੀ ਜਿੰਨੀ ਮਰਜ਼ੀ ਕੱਟ-ਵੱਢ ਕਰ ਲਈ ਜਾਵੇ ਪਰੰਤੂ ਨਗਰ ਨਿਗਮ ਦੀ ਚੋਣ ਜਿੱਤਣ ਦਾ ਉਸਦਾ ਮਨਸੂਬਾ ਪੂਰਾ ਨਹੀਂ ਹੋਵੇਗਾ ਅਤੇ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਪਹਿਲਾਂ ਤੋਂ ਵੀ ਵੱਧ ਸੀਟਾਂ ਜਿੱਤੇਗੀ। ਨਗਰ ਨਿਗਮ ਦੀ ਵਾਰਡਬੰਦੀ ਦੀ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਰਕਾਰ ਜਦੋਂ ਮਰਜ਼ੀ ਚੋਣਾਂ ਕਰਵਾ ਲਵੇ, ਕਾਂਗਰਸ ਪਾਰਟੀ ਦੇ ਉਮੀਦਵਾਰ ਹੂੰਝਾ ਫੇਰੂ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕਾਰਵਾਈ ਕਾਰਨ ਲੋਕਾਂ ਵਿਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਭਾਰੀ ਗੁੱਸਾ ਹੈ ਅਤੇ ਲੋਕ ਨਿਗਮ ਚੋਣਾਂ ਦੌਰਾਨ ਸਰਕਾਰ ਨੂੰ ਸਬਕ ਸਿਖਾਉਣਗੇ। ਇਹ ਪੁੱਛਣ ’ਤੇ ਕਿ ਪਹਿਲਾਂ ਦੇ ਮੁਕਾਬਲੇ ਵਾਰਡਾਂ ਅਧੀਨ ਆਉਂਦੇ ਖੇਤਰ ਵਿਚ ਵਾਧਾ ਹੋਣ ਕਾਰਨ ਜਿਨ੍ਹਾਂ ਵਾਰਡਾਂ ਵਿਚ ਕਾਂਗਰਸ ਦੇ ਦੋ ਕੌਂਸਲਰ ਇਕੋ ਸੀਟ ਦੇ ਦਾਅਵੇਦਾਰ ਹੋਣਗੇ, ਉੱਥੇ ਪਾਰਟੀ ਕਿਸਨੂੰ ਟਿਕਟ ਦੇਵੇਗੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਚੋਣ ਜਿੱਤਣ ਦੇ ਸਮਰਥ ਉਮੀਦਵਾਰਾਂ ਨੂੰ ਚੋਣ ਲੜਾਈ ਜਾਵੇਗੀ ਅਤੇ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਲ ਹੋਣ ਉਪਰੰਤ ਮੇਅਰ ਵੀ ਕਾਂਗਰਸ ਪਾਰਟੀ ਦਾ ਹੀ ਬਣੇਗਾ।