IPS ਪੂਰਨ ਦੀ ਖੁਦਕੁਸ਼ੀ ਮਾਮਲੇ ’ਚ 60 ਦਿਨ ਬਾਅਦ ਵੀ ਚਾਰਜਸ਼ੀਟ ਨਹੀਂ, 40 ਲੋਕਾਂ ਤੋਂ ਪੁੱਛਗਿੱਛ ਮਗਰੋਂ ਦਰਜ ਕੀਤੇ ਗਏ ਬਿਆਨ
ਐੱਸਆਈਟੀ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਹਰਿਆਣਾ ਪੁਲਿਸ ਤੋਂ ਫਾਈਲ ਨੋਟਿੰਗਸ, ਸਰਕਾਰੀ ਰਿਕਾਰਡ, ਵਿਭਾਗੀ ਸੰਚਾਰ ਨਾਲ ਸਬੰਧਤ ਦਸਤਾਵੇਜ਼, ਡਿਜੀਟਲ ਡਾਟਾ, ਕਾਲ ਡਿਟੇਲ ਰਿਕਾਰਡ ਸਮੇਤ ਕਈ ਮਹੱਤਵਪੂਰਣ ਦਸਤਾਵੇਜ਼ ਮੰਗੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਐੱਸਆਈਟ ਨੇ ਕੁਝ ਵਿਭਾਗੀ ਈਮੇਲ ਤੇ ਅੰਦਰੂਨੀ ਰਿਪੋਰਟ ਵੀ ਤਲਬ ਕੀਤੀ ਹੈ।
Publish Date: Thu, 11 Dec 2025 09:02 AM (IST)
Updated Date: Thu, 11 Dec 2025 09:04 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਹਰਿਆਣਾ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਜਾਂਚ ਕਰ ਰਹੀ ਐੱਸਆਈਟੀ ਹਾਲੇ ਤੱਕ ਜ਼ਿਲ੍ਹਾ ਅਦਾਲਤ ’ਚ ਚਾਰਜਸ਼ੀਟ ਦਾਖਲ ਨਹੀਂ ਕਰ ਸਕੀ। ਸੋਮਵਾਰ ਨੂੰ ਐੱਸਆਈਟੀ ਨੇ ਅਦਾਲਤ ਸਾਹਮਣੇ ਪੇਸ਼ ਹੋ ਕੇ ਦੇਰੀ ਦੇ ਪਿੱਛੇ ਕਾਰਨਾਂ ਦਾ ਵਿਸਥਾਰ ਨਾਲ ਵੇਰਵਾ ਪੇਸ਼ ਕੀਤਾ। ਐੱਸਆਈਟੀ ਨੇ ਕਿਹਾ ਕਿ ਜਾਂਚ ਦੌਰਾਨ ਹੁਣ ਤੱਕ 40 ਲੋਕਾਂ ਤੋਂ ਪੁੱਛਗਿੱਛ ਮਗਰੋਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਟੀਮ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਤੋਂ ਕਈ ਮਹੱਤਵਪੂਰਨ ਦਸਤਾਵੇਜ਼ ਹਾਲੇ ਤੱਕ ਨਹੀਂ ਮਿਲੇ, ਜਿਨ੍ਹਾਂ ਕਾਰਨ ਜਾਂਚ ਅੱਗੇ ਨਹੀਂ ਵੱਧ ਰਹੀ।
ਐੱਸਆਈਟੀ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਹਰਿਆਣਾ ਪੁਲਿਸ ਤੋਂ ਫਾਈਲ ਨੋਟਿੰਗਸ, ਸਰਕਾਰੀ ਰਿਕਾਰਡ, ਵਿਭਾਗੀ ਸੰਚਾਰ ਨਾਲ ਸਬੰਧਤ ਦਸਤਾਵੇਜ਼, ਡਿਜੀਟਲ ਡਾਟਾ, ਕਾਲ ਡਿਟੇਲ ਰਿਕਾਰਡ ਸਮੇਤ ਕਈ ਮਹੱਤਵਪੂਰਣ ਦਸਤਾਵੇਜ਼ ਮੰਗੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਐੱਸਆਈਟ ਨੇ ਕੁਝ ਵਿਭਾਗੀ ਈਮੇਲ ਤੇ ਅੰਦਰੂਨੀ ਰਿਪੋਰਟ ਵੀ ਤਲਬ ਕੀਤੀ ਹੈ।
ਖੁਦਕੁਸ਼ੀ ਨੋਟ ’ਚ ਜਿਨ੍ਹਾਂ ਅਧਿਕਾਰੀਆਂ ਦੇ ਨਾਂ, ਉਨ੍ਹਾਂ ਨੂੰ ਹਾਲੇ ਤੱਕ ਨੋਟਿਸ ਨਹੀਂ
ਇਸ ਪੂਰੇ ਮਾਮਲੇ ਦਾ ਸਭ ਤੋਂ ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਬਾਅਦ ਘਟਨਾ ਵਾਲੀ ਥਾਂ ਤੋਂ ਬਰਾਮਦ ਖੁਦਕੁਸ਼ੀ ਨੋਟ ’ਚ ਜਿਨ੍ਹਾਂ 15 ਅਧਿਕਾਰੀਆਂ ਦੇ ਨਾਂ ਦਰਜ ਸਨ, ਉਨ੍ਹਾਂ ਨੂੰ ਹਾਲੇ ਤੱਕ ਨਾ ਤਾਂ ਨੋਟਿਸ ਜਾਰੀ ਕੀਤਾ ਗਿਆ ਤੇ ਨਾ ਹੀ ਬਿਆਨ ਦਰਜ ਕਰਾਉਣ ਲਈ ਬੁਲਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਐੱਸਆਈਟੀ ਇਸ ਮੁੱਦੇ ’ਤੇ ਵੀ ਕੋਰਟ ਨੂੰ ਅੱਲਗ ਨਾਲ ਜਾਣਕਾਰੀ ਦੇਣ ਲਈ ਤਿਆਰੀ ਕਰ ਰਹੀ ਹੈ। ਐੱਸਆਈਟੀ ਨੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ ਉਹਛੇਤੀ ਹੀ ਕੇਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਸੱਤ ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 11 ਸਥਿਤ ਸਰਕਾਰੀ ਰਿਹਾਇਸ਼ ’ਚ ਪੂਰਨ ਕੁਮਾਰ ਨੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।