ਕਵਿਤਾ ਇਕ ਮਿੰਟ ’ਚ ਦੋ ਘੰਟਿਆਂ ਦੀ ਗੱਲ ਕਹਿ ਸਕਦੀ ਹੈ : ਭਗਵੰਤ ਮਾਨ
ਕਵਿਤਾ ਇਕ ਮਿੰਟ ਵਿਚ ਦੋ ਘੰਟਿਆਂ ਦੀ ਗੱਲ ਕਹਿ ਸਕਦੀ ਹੈ: ਭਗਵੰਤ ਮਾਨ
Publish Date: Fri, 06 Feb 2026 06:59 PM (IST)
Updated Date: Fri, 06 Feb 2026 07:02 PM (IST)

ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ ਉਤਸਵ ਵਿਚ ਸਿਨਮਾ, ਕਵਿਤਾ ਤੇ ਮਾਂ ਬੋਲੀ ਦੀ ਗੂੰਜ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਦੀ ਨਵ ਸਿਰਜਣਾ ਲਈ ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ ਉਤਸਵ ਵਿਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਉਹਨਾਂ ਦੀ ਮੌਜੂਦਗੀ ਦੌਰਾਨ ਸਭ ਤੋਂ ਪਹਿਲਾਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਲਾ ਪਰਿਸ਼ਦ ਪੰਜਾਬੀ ਮਾਂ ਬੋਲੀ ਲਈ ਅਨੁਵਾਦ ਵਰਕਸ਼ਾਪਾਂ ਲਗਾਏਗੀ। ਉਹਨਾਂ ਅਗਾਂਹ ਪੁਰਸਕਾਰਾਂ ਦੀ ਪਾਰਦਰਸ਼ਤਾ ਬਾਰੇ ਵੀ ਗੱਲ ਕੀਤੀ ਅਤੇ ਅਗਲੇ ਕਾਰਜ ਸਹੁੰ ਪੰਜਾਬ ਦੀ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਆਪਣੀ ਗੱਲ ਕਰਦਿਆਂ ਪੰਜਾਬ ਦੀ ਦੂਜੀ ਹਰੀ ਕ੍ਰਾਂਤੀ ਦੀਆਂ ਸੰਭਾਵਨਾ ਬਾਬਤ ਗੱਲ ਕੀਤੀ। ਪੰਜਾਬ ਕਲਾ ਪਰਿਸ਼ਦ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਆਓ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਈਏ। ਉਹਨਾਂ ਅਗਾਂਹ ਕਿਹਾ ਕਿ ਕਵਿਤਾ ਇਕ ਅਜਿਹਾ ਮਾਧਿਅਮ ਹੈ ਜੋ ਦੋ ਘੰਟਿਆਂ ਦੀ ਗੱਲ ਨੂੰ ਇਕ ਮਿੰਟ ਵਿਚ ਕਹਿ ਸਕਦੀ ਹੈ। ਉਹਨਾਂ ਦੱਸਿਆ ਕਿ ਉਹ ਅੱਜ ਵੀ ਕਵਿਤਾ ਸੁਣਨ ਦਾ ਸ਼ੌਕ ਰੱਖਦੇ ਹਨ ਤੇ ਕਿਤਾਬਾਂ ਤੋਂ ਵੱਡਾ ਕੋਈ ਦੋਸਤ ਨਹੀਂ ਹੈ। ਉਹਨਾਂ ਮਹਿੰਦਰ ਸਿੰਘ ਰੰਧਾਵਾ ਦੀ ਦੇਣ ਬਾਰੇ ਵੀ ਵਿਸਥਾਰ ਸਾਹਿਤ ਗੱਲ ਕੀਤੀ। ਇਸ ਸੈਸ਼ਨ ਦਾ ਮੰਚ ਸੰਚਾਲਨ ਕਲਾ ਪਰਿਸ਼ਦ ਦੇ ਉੱਪ ਪ੍ਰਧਾਨ ਡਾ. ਯੋਗਰਾਜ ਨੇ ਕੀਤਾ। ਇਸ ਦੌਰਾਨ ਰਾਜਵਿੰਦਰ ਸਮਰਾਲਾ ਵੱਲੋੱ ਨਿਰਦੇਸ਼ਤ ਨਾਟਕ ਬੁੱਲਾ ਕੀ ਜਾਣਾ ਮੈਂ ਕੌਣ ਦਾ ਮੰਚਨ ਕੀਤਾ ਗਿਆ। ਇਸ ਦੌਰਾਨ ਡਾ. ਅਰਵਿੰਦਰ ਢਿੱਲੋਂ, ਦਵੀ ਦਵਿੰਦਰ ਹਾਜ਼ਰ ਸਨ। ਇਸ ਤੋ ਪਹਿਲਾਂ ਦੇ ਭਾਗ ਵਿੱਚ ਪੰਜਾਬੀ ਸਿਨਮਾ ਅਤੇ ਡਿਜੀਟਲ ਆਰਟ ਅਕਾਦਮੀ ਵੱਲੋਂ ਸਿਨੇਮਾ ਵਿਚ ਪੰਜਾਬ ਗੌਰਵ ਸਨਮਾਨ ਪ੍ਰਾਪਤ ਉੱਘੇ ਨਿਰਦੇਸ਼ਕ ਗੁਰਵਿੰਦਰ ਸਿੰਘ ਤੇ ਕੇਂਦਰਤ ਰਿਹਾ। ਸਭ ਤੋਂ ਪਹਿਲਾਂ ਗੁਰਵਿੰਦਰ ਸਿੰਘ ਦਾ ਸਿਨਮਾ: ਖਾਮੋਸ਼ੀ ਦੀ ਜ਼ੁਬਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੁਖ ਸਿੰਘ ਨੇ ਪਰਚਾ ਪੜ੍ਹਿਆ।ਡਾ. ਗੁਰਮੁਖ ਨੇ ਗੁਰਵਿੰਦਰ ਹੋਰਾਂ ਦੀਆਂ ਤਿੰਨ ਫਿਲਮਾ ਚੌਥੀ ਕੂਟ, ਅੰਨੇ ਘੋੜੇ ਦਾ ਦਾਨ, ਅੱਧ ਚਾਨਣੀ ਰਾਤ ਤੇ ਆਪਣੇ ਵਿਚਾਰ ਰੱਖੇ। ਉਹਨਾਂ ਨੇ ਕਿਹਾ ਕਿ ਅੰਨੇ ਘੋੜੇ ਦਾ ਦਾਨ ਤੇ ਗੁਰਵਿੰਦਰ ਸਿੰਘ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਨਵਜਿਆ ਗਿਆ। ਉਹਨਾਂ ਅੱਗੇ ਕਿਹਾ ਕਿ ਇਸ ਸਿਨਮੇ ਵਿਚ ਮੁੱਖਧਾਰਾਈ ਵਾਲ਼ੀ ਤਮਾਸ਼ਬੀਨਤਾ ਗ਼ੈਰਹਾਜ਼ਰ ਹੈ ਅਤੇ ਫਿਲਮਾਂ ਵਿਚ ਇਸ਼ਾਰੇ,ਦ੍ਰਿਸ਼, ਬਿੰਬ ਵਿਦਮਾਨ ਹੁੰਦੇ ਹਨ। ਇਸ ਉਪਰੰਤ ਗੁਰਵਿੰਦਰ ਸਿੰਘ ਹੋਰਾਂ ਨੇ ਸਿਨਮਾ ਸਿਰਜਣਾ ਦੇ ਆਪਣੇ ਅਨੁਭਵ ਦੱਸੇ। ਉਹਨਾਂ ਕਿਹਾ ਕਿ ਪੰਜਾਬ ਮੇਰੇ ਲਈ ਖ਼ਿਆਲੀ ਧਰਤੀ ਸੀ। ਮੈਂ ਦਿੱਲੀ ਵਿਚ ਵੱਡਾ ਹੋਇਆ। ਮੈਂ ਫਿਲਮ ਇੰਸਟੀਟਿਊਟ ਵਿਚ ਵੱਖ ਵੱਖ ਭਾਰਤੀ ਭਾਸ਼ਾਵਾਂ ਦੀਆਂ ਫਿਲਮਾ ਦੇਖੀਆਂ। ਉਹਨਾਂ ਕਿਹਾ ਕਿ ਮੈਂ ਦ੍ਰਿਸ਼ ਨੂੰ ਨਿਰਦੇਸ਼ਤ ਕਰਦਾਂ ਅਦਾਕਾਰ ਨੂੰ ਨਹੀਂ। ਇਸ ਉਪਰੰਤ ਅਕਾਦਮੀ ਦੇ ਪ੍ਰਧਾਨ ਡਾ. ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਚੰਗਾ ਸ਼ੁਰੂ ਹੋਇਆ ਸਿਨਮਾ ਕਿਉਂ ਬਿਖ਼ਰ ਗਿਆ। ਅਕਾਦਮੀ ਦੀ ਮੀਤ ਪ੍ਰਧਾਨ ਅਦਾਕਾਰਾ ਅਨੀਤਾ ਦੇਵਗਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ਼ ਗੁਰਵਿੰਦਰ ਜਿਹਾ ਗੁਣੀ ਨਿਰਦੇਸ਼ਕ ਹੈ। ਅਮਰਜੀਤ ਗਰੇਵਾਲ ਨੇ ਬਿਰਤਾਂਤਕ ਤੇ ਮੁਕਤ ਬਿਰਤਾਂਤਿਕ ਸਿਨਮਾ ਬਾਰੇ ਗੱਲ ਕੀਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਡਾ. ਗੁਰਮੁਖ ਹੋਰਾਂ ਨੇ ਕਮਾਲ ਦਾ ਪੇਪਰ ਪੜ੍ਹਿਆ। ਉਹਨਾਂ ਨੇ ਫਿਲਮ ਬਾਰੇ ਕਿਤਾਬ ਦੀ ਜਲਦੀ ਪ੍ਰਕਾਸ਼ਨਾ ਬਾਰੇ ਵੀ ਗੱਲ ਕੀਤੀ ਜੋ ਡਾ. ਹਰਜੀਤ ਲਿਖ ਰਹੇ ਹਨ। ਸਿਨਮਾ ਤੇ ਡਿਜਿਟਲ ਆਰਕ ਅਕਾਦਮੀ ਦੇ ਸਹੱਤਰ ਪ੍ਰੀਤਮ ਰੁਪਾਲ ਹੋਰਾਂ ਸਭ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ। ਦੂਜੇ ਸੈਸ਼ਨ ਵਿਚ ਵੀ ਪੈਨਲ-ਚਰਚਾ ਹੋਈ ਜਿਸ ਦਾ ਵਿਸ਼ਾ ਗੁਰਵਿੰਦਰ ਸਿੰਘ ਅਤੇ ਪੰਜਾਬੀ ਸਿਨਮਾ(ਸਥਾਨਕਤਾ ਤੋਂ ਆਲਮੀ ਮੰਚਾਂ ਤੱਕ) ਸੀ। ਸਭ ਤੋਂ ਪਹਿਲਾਂ ਡਾ. ਗੁਰਮੁਖ ਦੇ ਇਕ ਸਵਾਲ ਉੱਤੇ ਅਦਾਕਾਰ ਸੈਮੁਅਲ ਜੌਹਨ ਨੇ ਕਿਹਾ ਕਿ ਗੁਰਵਿੰਦਰ ਨੇ ਮੈਨੂੰ ਕਿਹਾ ਕਿ ਅਦਾਕਾਰੀ ਨਹੀਂ ਕਰਨੀ, ਸੁਭਾਵਿਕ ਹੋਣਾ ਹੈ। ਗੁਰਵਿੰਦਰ ਨੇ ਕਿਹਾ ਫਿਲਮਾਂ ਦੀ ਮੈਨਿਜ਼ਮੈਂਟ ਔਖੀ ਹੈ।ਫਿਲਮੀ ਆਲੋਚਕ ਵਿਵੇਕ ਸਚਦੇਵਾ ਨੇ ਕਿਹਾ ਕਿ ਦੇਖਣਾ ਹੁੰਦਾ ਹੈ ਕਿ ਨਿਰਦੇਸ਼ਕ ਸਾਹਿਤ ਨੂੰ ਕਿਸ ਤਰ੍ਹਾਂ ਲੈ ਰਿਹਾ ਹੈ ਭਾਵ ਕਹਾਣੀ ਲੈਂਦਾ ਹੈ ਜਾਂ ਵਿਚਾਰ। ਸੰਵਾਦ ਲੈਖਕ ਜਸਦੀਪ ਨੇ ਕਿਹਾ ਕਿ ਹਰਿਕ ਕਲਾਕਾਰ ਦਾ ਆਪਣਾ ਤਰੀਕਾ ਹੁੰਦਾ ਹੈ। ਜਸਵੀਰ ਮੰਡ ਨੇ ਸਾਹਿਤ ਤੇ ਸਿਨਮਾ ਦੇ ਰਿਸ਼ਤੇ ਬਾਰੇ ਗੱਲ ਕੀਤੀ। ਦੁਪਹਿਰ ਦੇ ਖਾਣੇ ਤੋਂ ਬਾਅਦ ਇਕ ਹੋਰ ਪੈਨਲ ਚਰਚਾ ਕਰਵਾਈ ਗਈ, ਜਿਸ ਦਾ ਵਿਸ਼ਾ ਮੌਜੂਦਾ ਪਾਪੂਲਰ ਪੰਜਾਬੀ ਸਿਨਮੇ ਦੀ ਦਸ਼ਾ ਅਤੇ ਦਿਸ਼ਾ ਸੀ। ਚਰਚਾਕਾਰ ਸਨ ਸਿਮਰਨਜੀਤ ਸਿੰਘ, ਅਦਾਕਾਰਾ ਅਰਵਿੰਦਰ ਕੌਰ, ਰਾਜੂ ਵਰਮਾ( ਲੇਖਕ), ਪਰਵੀਨ ਕੁਆਰ (ਪ੍ਰੋਡਿਊਸਰ) ਆਦਿ ਨੇ ਸ਼ਿਰਕਤ ਕੀਤੀ। ਸੂਤਰਧਾਰ ਅਦਾਕਾਰਾ ਅਨੀਤਾ ਦੇਵਗਨ ਸਨ।