ਐੱਮਸੀ ਵਨ ਪਾਸ ਨੇ 2,000 ਸਬਸਕ੍ਰਿਪਸ਼ਨ ਪਾਰ ਕੀਤੀਆਂ
ਐਮਸੀ ਵਨ ਪਾਸ ਨੇ 2,000 ਸਬਸਕ੍ਰਿਪਸ਼ਨ ਪਾਰ ਕੀਤੀਆਂ; ਸਮਾਰਟ ਪਾਰਕਿੰਗ ਅਪਣਾਉਣ ਵਿੱਚ ਨਵਾਂ ਮਿਆਰ ਕਾਇਮ
Publish Date: Wed, 04 Feb 2026 07:28 PM (IST)
Updated Date: Wed, 04 Feb 2026 07:32 PM (IST)

ਸਮਾਰਟ ਪਾਰਕਿੰਗ ਅਪਣਾਉਣ ’ਚ ਨਵਾਂ ਮਿਆਰ ਕਾਇਮ ਨਾਗਰਿਕਾਂ ਦੇ ਭਰੋਸੇ ਨਾਲ ਚੰਡੀਗੜ੍ਹ ਦੀ ਡਿਜ਼ੀਟਲ ਪਾਰਕਿੰਗ ਸੁਧਾਰ ਯੋਜਨਾ ਨੂੰ ਮਿਲੀ ਤੇਜ਼ ਰਫ਼ਤਾਰ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਗਰ ਨਿਗਮ ਦੀ ਸਮਾਰਟ ਪਾਰਕਿੰਗ ਪਹਿਲ ਐੱਮਸੀ ਵਨ ਪਾਸ ਨੇ 2,000 ਤੋਂ ਵੱਧ ਸਬਸਕ੍ਰਾਇਬਰਾਂ ਦਾ ਅੰਕੜਾ ਪਾਰ ਕਰ ਲਿਆ ਹੈ। ਲਾਂਚ ਤੋਂ ਥੋੜ੍ਹੇ ਸਮੇਂ ਵਿਚ ਹੀ ਇਹ ਉਪਲੱਬਧੀ ਹਾਸਲ ਹੋਣਾ ਸ਼ਹਿਰ ਵਿਚ ਡਿਜ਼ੀਟਲ ਸ਼ਹਿਰੀ ਸੇਵਾਵਾਂ ਪ੍ਰਤੀ ਨਾਗਰਿਕਾਂ ਦੇ ਵਧਦੇ ਭਰੋਸੇ ਨੂੰ ਦਰਸ਼ਾਉਂਦਾ ਹੈ। ਇਹ ਮੀਲ ਪੱਥਰ ਨਿਗਮ ਦੀ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਨਾਗਰਿਕ-ਮਿੱਤਰ ਪ੍ਰਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ। ਪਾਰਕਿੰਗ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਅਤੇ ਰੋਜ਼ਾਨਾ ਨਕਦ ਭੁਗਤਾਨ ਦੀ ਝੰਜਟ ਖਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਐੱਮਸੀ ਵਨ ਪਾਸ ਯੋਜਨਾ ਤਹਿਤ ਯਾਤਰੀਆਂ ਨੂੰ ਬਹੁਤ ਹੀ ਕਿਫਾਇਤੀ ਦਰਾਂ ’ਤੇ ਮਹੀਨਾਵਾਰ ਪਾਰਕਿੰਗ ਦੀ ਸੁਵਿਧਾ ਮਿਲਦੀ ਹੈ। ਦੁਪਹੀਆ ਵਾਹਨਾਂ ਲਈ 250 ਅਤੇ ਚਾਰ ਪਹੀਆ ਵਾਹਨਾਂ ਲਈ 500 ਦੀ ਦਰ ਨਾਲ ਇਹ ਸਹੂਲਤ ਸ਼ਹਿਰ ਦੇ ਨਿਰਧਾਰਤ ਮਿਊਂਸਪਲ ਕਾਰਪੋਰੇਸ਼ਨ ਪਾਰਕਿੰਗ ਸਥਾਨਾਂ ’ਤੇ ਉਪਲੱਬਧ ਹੈ। ਇਸ ਮੌਕੇ ’ਤੇ ਗੱਲ ਕਰਦਿਆਂ ਐੱਮਸੀ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਲਾਂਚ ਤੋਂ ਲੈ ਕੇ 2,000 ਤੋਂ ਵੱਧ ਸਬਸਕ੍ਰਾਇਬਰਾਂ ਤੱਕ ਦੀ ਤੇਜ਼ ਵਾਧਾ ਦਰ ਤਕਨਾਲੋਜੀ ਆਧਾਰਿਤ, ਜੀਵਨ ਸੁਖਾਲਾ ਬਣਾਉਣ ਵਾਲੀਆਂ ਪਹਲਾਂ ਦੀ ਸਫਲਤਾ ਨੂੰ ਦਰਸਾਉਂਦੀ ਹੈ। ਡਿਜ਼ਿਟਲ ਪਾਸ ਨਾਲ ਨਕਦ ਰਹਿਤ ਲੈਣ-ਦੇਣ, ਮੈਦਾਨੀ ਵਿਵਾਦਾਂ ਵਿੱਚ ਕਮੀ, ਪਾਰਕਿੰਗ ਸਥਾਨਾਂ ’ਤੇ ਤੇਜ਼ ਪਹੁੰਚ ਅਤੇ ਪਾਰਕਿੰਗ ਪ੍ਰਬੰਧਨ ਵਿੱਚ ਵਧੀਕ ਪਾਰਦਰਸ਼ਤਾ ਯਕੀਨੀ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਾਗਰਿਕਾਂ ਵੱਲੋਂ ਮਿਲ ਰਹੇ ਭਰਪੂਰ ਹੁੰਗਾਰੇ ਨੇ ਮਿਊਂਸਪਲ ਕਾਰਪੋਰੇਸ਼ਨ ਨੂੰ ਐਮਸੀ ਵਨ ਪਾਸ ਦੀ ਪਹੁੰਚ ਹੋਰ ਵਧਾਉਣ ਅਤੇ ਇਸਦਾ ਦਾਇਰਾ ਹੌਲੀ - ਹੌਲੀ ਫੈਲਾਉਣ ਲਈ ਉਤਸ਼ਾਹਿਤ ਕੀਤਾ ਹੈ, ਤਾਂ ਜੋ ਹੋਰ ਯਾਤਰੀ ਵੀ ਸਮਾਰਟ ਅਤੇ ਬਿਨਾਂ ਝੰਝਟ ਵਾਲੀ ਪਾਰਕਿੰਗ ਸੇਵਾ ਦਾ ਲਾਭ ਲੈ ਸਕਣ। ਐੱਮਸੀ ਵਨ ਪਾਸ ਪਾਰਕਿੰਗ ਲਾਟਾਂ ਵਿਚ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰਕੇ ਜਾਂ ਮਿਊਂਸਪਲ ਕਾਰਪੋਰੇਸ਼ਨ ਦੀ ਅਧਿਕਾਰਕ ਵੈੱਬਸਾਈਟ ਰਾਹੀਂ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪਹਿਲ ਚੰਡੀਗੜ੍ਹ ਨੂੰ ਸਮਾਰਟ, ਨਾਗਰਿਕ-ਕੇਂਦਰਿਤ ਸ਼ਹਿਰੀ ਆਵਾਜਾਈ ਹੱਲਾਂ ਵਿੱਚ ਹੋਰ ਮਜ਼ਬੂਤ ਕਰਦੀ ਹੈ।