ਰਾਜਪਾਲ ਕਟਾਰੀਆ ਵੱਲੋਂ ਸ਼ਹਿਰ ਦਾ ਅਚਨਚੇਤ ਦੌਰਾ
ਰਾਜਪਾਲ ਕਟਾਰੀਆ ਵੱਲੋਂ ਸ਼ਹਿਰ ਦਾ ਅਚਨਚੇਤ ਦੌਰਾ
Publish Date: Sat, 31 Jan 2026 07:01 PM (IST)
Updated Date: Sat, 31 Jan 2026 07:04 PM (IST)

ਸਫ਼ਾਈ, ਸਿਹਤ ਸੇਵਾਵਾਂ ਤੇ ਲੋਕ- ਭਲਾਈ ਬਾਰੇ ਸਖ਼ਤ ਹਦਾਇਤਾਂ ਜਾਰੀ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਭਰ ਵਿੱਚ ਅਚਨਚੇਤ ਦੌਰੇ ਕਰ ਕੇ ਸਿਹਤ ਸਹੂਲਤਾਂ, ਸਫ਼ਾਈ ਪ੍ਰਬੰਧਾਂ ਅਤੇ ਲੋਕ- ਭਲਾਈ ਢਾਂਚੇ ਦੀ ਸਮੀਖਿਆ ਕੀਤੀ। ਪ੍ਰਸ਼ਾਸਕ ਨੇ ਸੈਕਟਰ-25, ਡੱਡੂਮਾਜਰਾ, ਈਡਬਲਿਊਐੱਸ, ਮਲੋਆ ਅਤੇ ਰਾਇਪੁਰ ਕਲਾਂ ਵਿੱਚ ਸਥਿਤ ਅਰਬਨ ਆਯੁਸ਼ਮਾਨ ਅਰੋਗਿਆ ਮੰਦਰ ਸਿਹਤ ਕੇਂਦਰਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਵੀ ਨਿਰੀਖਣ ਕੀਤਾ। ਸਫ਼ਾਈ ਅਤੇ ਇਲਾਜ ਸੇਵਾਵਾਂ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਯੂਟੀ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਸਾਰੇ ਸਿਹਤ ਕੇਂਦਰਾਂ ਵਿਚ ਸਹੀ ਇਲਾਜ ਸਹੂਲਤਾਂ, ਰੇਗੂਲਰ ਸਫ਼ਾਈ ਅਤੇ ਲੋੜੀਂਦੀਆਂ ਬੁਨਿਆਦੀ ਸੇਵਾਵਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ । ਡੱਡੂਮਾਜਰਾ ਡੰਪਿੰਗ ਗਰਾਊਂਡ ਦੇ ਨਿਰੀਖਣ ਦੌਰਾਨ ਕਟਾਰੀਆ ਨੇ ਸਥਾਨ ਦੀ ਤੁਰੰਤ ਸਫ਼ਾਈ ਕਰਵਾਉਣ ਅਤੇ ਉੱਥੇ ਨਵਾਂ ਕੂੜਾ ਸੁੱਟਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਵਿਗਿਆਨਕ ਕੂੜਾ ਪ੍ਰਬੰਧਨ ਤਰੀਕਿਆਂ, ਸਮੇਂ-ਸਿਰ ਛਾਂਟ (ਸੇਗ੍ਰਿਗੇਸ਼ਨ) ਅਤੇ ਮਜ਼ਬੂਤ ਨਿਗਰਾਨੀ ਪ੍ਰਣਾਲੀ ਅਪਣਾਉਣ ’ਤੇ ਜ਼ੋਰ ਦਿੱਤਾ, ਤਾਂ ਜੋ ਲੋਕ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਹੋ ਸਕੇ। ਇਸ ਤੋਂ ਪਹਿਲਾਂ ਪ੍ਰਸ਼ਾਸਕ ਨੇ ਸੈਕਟਰ-25 ਸਥਿਤ ਡਾ. ਹਰਸ਼ਵਰਧਨ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਂਡ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਉਪਕੁਲਪਤੀ ਅਤੇ ਇਲਾਜ਼ ਸਟਾਫ਼ ਨੂੰ ਇਲਾਜ ਦੇ ਨਾਲ-ਨਾਲ ਰੋਕਥਾਮੀ ਸਿਹਤ ਸੇਵਾਵਾਂ ’ਤੇ ਵੀ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ। ਬਾਅਦ ਵਿੱਚ ਕਟਾਰੀਆ ਨੇ ਮਖਣ ਮਾਜਰਾ ਦੀ ਗੌਸ਼ਾਲਾ ਦਾ ਨਿਰੀਖਣ ਕਰਕੇ ਆਪਣੇ ਪਿਛਲੇ ਦੌਰੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਨਿਰੀਖਣਾਂ ਤੋਂ ਬਾਅਦ ਰਾਜਪਾਲ ਅਤੇ ਪ੍ਰਸ਼ਾਸਕ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਅਤੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਸ਼ਹਿਰ-ਪੱਧਰੀ ਸਫ਼ਾਈ, ਪ੍ਰਾਇਮਰੀ ਸਿਹਤ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ, ਬਿਹਤਰ ਕੂੜਾ ਪ੍ਰਬੰਧਨ ਅਤੇ ਸੰਵੇਦਨਸ਼ੀਲ ਨਾਗਰਿਕ ਸੇਵਾਵਾਂ ਯਕੀਨੀ ਬਣਾਉਣ ਲਈ ਹੁਕਮ ਦਿੱਤੇ।