ਹਸਪਤਾਲ ਤੋਂ ਫ਼ਰਾਰ ਹੋਏ ਚੋਰ ਨੂੰ ਕਰਾਈਮ ਬ੍ਰਾਂਚ ਦੀ ਟੀਮ ਨੇ ਫੜਿਆ
ਹਸਪਤਾਲ ਤੋਂ ਫ਼ਰਾਰ ਹੋਏ ਚੋਰ ਨੂੰ ਕਰਾਈਮ ਬ੍ਰਾਂਚ ਦੀ ਟੀਮ ਨੇ ਫੜਿਆ
Publish Date: Wed, 14 Jan 2026 06:09 PM (IST)
Updated Date: Wed, 14 Jan 2026 06:12 PM (IST)

ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਮੈਡੀਕਲ ਲਈ ਹਸਪਤਾਲ ਲੈ ਕੇ ਗਈ ਸੀ ਪੁਲਿਸ ਤਰੁਣ ਭਜਨੀ, ਪੰਜਾਬੀ ਜਾਗਰਣ, ਪੰਚਕੂਲਾ : ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਸਰਕਾਰੀ ਹਸਪਤਾਲ ਤੋਂ ਭੱਜਣ ਵਾਲੇ ਚੋਰ ਨੂੰ ਸੈਕਟਰ-19 ਕਰਾਈਮ ਬ੍ਰਾਂਚ ਦੀ ਟੀਮ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਮ ਦਰਬਾਰ ਨਿਵਾਸੀ ਦੀਪਕ ਵਜੋਂ ਹੋਈ ਹੈ। ਸੋਮਵਾਰ ਨੂੰ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁਲਿਸ ਉਸ ਦਾ ਮੈਡੀਕਲ ਕਰਵਾਉਣ ਲਈ ਸੈਕਟਰ-6 ਦੇ ਸਰਕਾਰੀ ਹਸਪਤਾਲ ਲੈ ਕੇ ਗਈ ਸੀ। ਉੱਥੋਂ ਮੌਕਾ ਮਿਲਣ ’ਤੇ ਉਹ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ, ਜਦਕਿ ਪੀਐੱਸਆਈ ਸਮੇਤ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇੰਦਰਾ ਕਾਲੋਨੀ ਨਿਵਾਸੀ ਸਤੇਂਦਰ ਨੇ ਦੱਸਿਆ ਕਿ ਉਹ ਪੰਚਕੂਲਾ ਦੀਆਂ ਵੱਖ-ਵੱਖ ਸਬਜ਼ੀ ਮੰਡੀਆਂ ਵਿਚ ਸਬਜ਼ੀ ਦੀ ਫੜੀ ਲਾਉਂਦਾ ਹੈ। ਸ਼ਨੀਚਰਵਾਰ ਨੂੰ ਉਹ ਸੈਕਟਰ-14 ਦੀ ਸਬਜ਼ੀ ਮੰਡੀ ਵਿੱਚ ਲੱਕੜ ਦੇ ਟੇਬਲ ’ਤੇ ਫੜੀ ਲਗਾ ਕੇ ਸਬਜ਼ੀ ਵੇਚ ਰਿਹਾ ਸੀ। ਸਬਜ਼ੀ ਵਿਕਰੀ ਤੋਂ ਮਿਲੇ ਕਰੀਬ 6 ਹਜ਼ਾਰ ਰੁਪਏ ਉਸ ਨੇ ਇੱਕ ਲਿਫਾਫੇ ਵਿੱਚ ਪਾ ਕੇ ਟੇਬਲ ‘ਤੇ ਰੱਖੇ ਹੋਏ ਸਨ। ਜਦੋਂ ਸਤੇਂਦਰ ਸਬਜ਼ੀ ਠੀਕ ਕਰਨ ਲਈ ਟੇਬਲ ਤੋਂ ਉੱਠਿਆ, ਤਾਂ ਇੱਕ ਨੌਜਵਾਨ ਉਹ ਲਿਫਾਫਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਸ਼ੋਰ ਪਾਉਣ ‘ਤੇ ਸਤੇਂਦਰ ਅਤੇ ਨੇੜੇ ਫੜੀ ਲਗਾਉਣ ਵਾਲੇ ਦੀਨਾਨਾਥ ਨੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਪਾਵਰ ਕਾਲੋਨੀ ਫੇਜ਼-2 ਇੰਡਸਟਰੀਅਲ ਏਰੀਆ ਨੇੜੇ ਸੜਕ ‘ਤੇ ਉਸ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਚੰਡੀਗੜ੍ਹ ਦੇ ਰਾਮ ਦਰਬਾਰ ਨਿਵਾਸੀ ਦੀਪਕ ਕੁਮਾਰ ਦੱਸਿਆ। ਇਸ ਦੌਰਾਨ ਪੁਲਿਸ ਗੱਡੀ ਮੌਕੇ ’ਤੇ ਪਹੁੰਚੀ, ਜਿਸਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਥਾਣਾ ਸੈਕਟਰ-14 ਪੰਚਕੂਲਾ ਲੈ ਗਈ। ਉੱਥੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਲਿਆ ਗਿਆ। ਸੋਮਵਾਰ ਨੂੰ ਪੁਲਿਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਸੈਕਟਰ-14 ਥਾਣੇ ਦੇ ਪੀਐਸਆਈ ਅਨਿਲ ਕੁਮਾਰ ਅਤੇ ਸਿਪਾਹੀ ਵਿਕਾਸ ਉਸ ਨੂੰ ਸੈਕਟਰ-6 ਦੇ ਨਾਗਰਿਕ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਗਏ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਜਾਂਚ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀਆਂ ਦਾ ਧਿਆਨ ਕਿਤੇ ਹੋਰ ਗਿਆ, ਤਾਂ ਉਹ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ।