ਨਗਰ ਨਿਗਮ ਨੇ ਬਾਗਬਾਨੀ ਵਿੰਗ ਦੇ ਜੇਈ ਨੂੰ ਲਾਪਰਵਾਹੀ ’ਤੇ ਚਾਲਾਨ ਕੀਤਾ
ਨਗਰ ਨਿਗਮ ਨੇ ਬਾਗਬਾਨੀ ਵਿੰਗ ਦੇ ਜੇਈ ਨੂੰ ਲਾਪਰਵਾਹੀ ’ਤੇ ਚਾਲਾਨ ਕੀਤਾ
Publish Date: Wed, 10 Dec 2025 06:50 PM (IST)
Updated Date: Wed, 10 Dec 2025 06:51 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਬਿਹਤਰ ਬਣਾਈ ਰੱਖਣ ਲਈ ਨਗਰ ਨਿਗਮ ਨੇ ਸਖ਼ਤ ਰੁਖ ਅਪਣਾਉਂਦਿਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਬਾਗਬਾਨੀ ਵਿੰਗ ਦੇ ਜੂਨੀਅਰ ਇੰਜੀਨੀਅਰ ‘ਤੇ ਚਾਲਾਨ ਜਾਰੀ ਕੀਤਾ ਹੈ। ਜੇਈ ’ਤੇ ਸਮੇਂ ’ਤੇ ਬਾਗਬਾਨੀ ਨਾਲ ਸੰਬੰਧਤ ਛੰਟਾਈ ਵਾਲਾ ਕੂੜਾ ਨਾ ਉਠਾਉਣ ਦਾ ਦੋਸ਼ ਹੈ। ਨਗਰ ਨਿਗਮ ਨੇ ਇਸ ਤੋਂ ਪਹਿਲਾਂ ਸੰਬੰਧਤ ਜੇਈ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਸੈਕਟਰ–21 ਪੈਟਰੋਲ ਪੰਪ ਦੇ ਨੇੜੇ ਸਾਊਥ ਮਾਰਗ ’ਤੇ ਇਕੱਠੇ ਛੰਟਾਈ ਕੂੜੇ ਨੂੰ ਨਿਰਧਾਰਿਤ ਸਮੇਂ ਵਿੱਚ ਹਟਾਉਣ ਦੇ ਹੁਕਮ ਦਿੱਤੇ ਗਏ ਸਨ। ਨੋਟਿਸ ਵਿੱਚ ਸਪਸ਼ਟ ਚੇਤਾਵਨੀ ਦਿੱਤੀ ਗਈ ਸੀ ਕਿ ਸਮੇਂ ’ਤੇ ਕੂੜਾ ਨਾ ਹਟਾਉਣ ਦੀ ਸੂਰਤ ਵਿੱਚ ਚਾਲਾਨ ਸਮੇਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨੋਟਿਸ ਮਿਆਦ ਖਤਮ ਹੋਣ ਦੇ ਬਾਵਜੂਦ ਕੂੜਾ ਨਾ ਚੁੱਕੇ ਜਾਣ ’ਤੇ ਹੁਣ ਨਗਰ ਨਿਗਮ ਨੇ ਜੇਈ ਨੂੰ ਚਾਲਾਨ ਜਾਰੀ ਕਰ ਦਿੱਤਾ ਹੈ। ਨਗਰ ਨਿਗਮ ਨੇ ਦੋਹਰਾਇਆ ਕਿ ਬਾਗਬਾਨੀ ਕੂੜਾ ਸਮੇਂ ’ਤੇ ਨਾ ਚੁੱਕਣ ਕਾਰਨ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੜਕ ਕਿਨਾਰੇ ਗੰਦਗੀ ਵਧਦੀ ਹੈ ਅਤੇ ਸ਼ਹਿਰ ਦੀ ਸਫ਼ਾਈ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਕੂੜਾ ਸਮੇਂ ’ਤੇ ਹਟਾਉਣਾ ਸੰਬੰਧਤ ਫਿਲਡ ਸਟਾਫ ਦੀ ਜ਼ਿੰਮੇਵਾਰੀ ਹੈ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ’ਤੇ ਸਖ਼ਤ ਕਾਰਵਾਈ ਜਾਰੀ ਰਹੇਗੀ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਾਰੇ ਵਿਭਾਗਾਂ, ਏਜੰਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਯਤਨਾਂ ਵਿੱਚ ਨਗਰ ਨਿਗਮ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਸਫ਼ਾਈ ਨੂੰ ਕਾਇਮ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ।