ਇੰਡੀਗੋ ਸੰਕਟ ਕਾਰਨ ਰੇਲ ’ਤੇ ਵਧਿਆ ਦਬਾਅ
ਇੰਡਿਗੋ ਸੰਕਟ ਗਹਿਰਾਇਆ, ਰੇਲ ‘ਤੇ ਵਧਿਆ ਵਾਧੂ ਦਬਾਅ
Publish Date: Fri, 05 Dec 2025 07:15 PM (IST)
Updated Date: Fri, 05 Dec 2025 07:18 PM (IST)

-ਇੰਡੀਗੋ ਦੀ ਗੜਬੜੀ ਕਾਰਨ ਪ੍ਰੀਮੀਅਮ ਟ੍ਰੇਨਾਂ ਦੀਆਂ ਸੀਟਾਂ ‘ਫਟਾਫਟ ਫੁੱਲ’ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ ’ਚ ਉਡਾਣਾਂ ਨੂੰ ਲੈ ਕੇ ਚੱਲ ਰਹੇ ਸੰਕਟ ਨੇ ਹਵਾਈ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਬੀਤੇ ਵੀਰਵਾਰ ਨੂੰ ਏਅਰਲਾਈਨ ਨੇ ਇੱਕੋ ਦਿਨ 550 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਕਾਰਨ ਹਜ਼ਾਰਾਂ ਯਾਤਰੀ ਘੰਟਿਆਂਬੱਧੀ ਏਅਰਪੋਰਟ ’ਤੇ ਫਸੇ ਰਹੇ। ਪ੍ਰਭਾਵਿਤ ਯਾਤਰੀਆਂ ਨੂੰ ਰਾਹਤ ਮਿਲਣ ਦੀ ਬਜਾਏ ਸਥਿਤੀ ਹੋਰ ਗੰਭੀਰ ਬਣਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 8 ਤਰੀਕ ਨੂੰ ਵੀ ਇੰਡਿਗੋ ਦੀਆਂ ਕਈ ਫਲਾਈਟਾਂ ਨਾ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਯਾਤਰੀਆਂ ਦੀ ਮੁਸ਼ਕਲ ਹੋਰ ਵਧ ਸਕਦੀ ਹੈ। ਹਵਾਈ ਸੰਕਟ ਦਾ ਸਿੱਧਾ ਅਸਰ ਦਿੱਲੀ-ਚੰਡੀਗੜ੍ਹ ਰੇਲ ਮਾਰਗ ’ਤੇ ਦੇਖਣ ਨੂੰ ਮਿਲਿਆ ਹੈ। ਇੰਡੀਗੋ ਦੀ ਵੱਡੀ ਗੜਬੜੀ ਤੋਂ ਬਾਅਦ ਵੰਦੇ ਭਾਰਤ ਤੇ ਸ਼ਤਾਬਦੀ ਵਰਗੀਆਂ ਪ੍ਰੀਮੀਅਮ ਟ੍ਰੇਨਾਂ ’ਚ ਸੀਟਾਂ ‘ਫਟਾਫਟ ਫੁੱਲ’ ਹੋ ਰਹੀਆਂ ਹਨ। ਆਮ ਦਿਨਾਂ ’ਚ ਵੀ ਭੀੜ ਵਾਲੀਆਂ ਇਹ ਟ੍ਰੇਨਾਂ ਅਚਾਨਕ ਹੀ ਯਾਤਰੀਆਂ ਦੇ ਵੱਡੇ ਦਬਾਅ ਹੇਠ ਆ ਗਈਆਂ ਹਨ। ਦਿੱਲੀ-ਚੰਡੀਗੜ੍ਹ ਰੂਟ ਦੀਆਂ ਕੁੱਲ ਛੇ ਪ੍ਰੀਮੀਅਮ ਗੱਡੀਆਂ ’ਚ ਕਨਫਰਮ ਟਿਕਟ ਲੈਣਾ ਲਗਭਗ ਨਾਮੁਮਕਿਨ ਹੋ ਗਿਆ ਹੈ। ਕੁਝ ਮਿੰਟਾਂ ’ਚ ਸੀਟਾਂ ਫੁੱਲ ਹੋ ਰਹੀਆਂ ਹਨ ਅਤੇ ਵੇਟਿੰਗ ਲਿਸਟ ਤੇਜ਼ੀ ਨਾਲ ਵੱਧ ਰਹੀ ਹੈ। ਸਥਿਤੀ ਸਿਰਫ਼ ਦਿੱਲੀ ਤੋਂ ਚੰਡੀਗੜ੍ਹ ਤੱਕ ਸੀਮਤ ਨਹੀਂ ਹੈ। ਚੰਡੀਗੜ੍ਹ-ਦਿੱਲੀ ਦਿਸ਼ਾ ’ਚ ਵੀ ਟ੍ਰੇਨਾਂ ਓਵਰਲੋਡ ਚੱਲ ਰਹੀਆਂ ਹਨ। ਜਾਣਕਾਰੀ ਅਨੁਸਾਰ ਇੰਡੀਗੋ ’ਚ ਕਰੂ ਦੀ ਘਾਟ, ਤਕਨੀਕੀ ਗੜਬੜੀਆਂ ਤੇ ਸ਼ਡਿਊਲਿੰਗ ’ਚ ਖਾਮੀਆਂ ਨੂੰ ਉਡਾਣਾਂ ਪ੍ਰਭਾਵਿਤ ਹੋਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਏਅਰਲਾਈਨ ਦੀ ਦੇਰੀ ਤੇ ਰੱਦ ਕਰਨ ਨੂੰ ਲੈ ਕੇ ਯਾਤਰੀਆਂ ਦਾ ਗੁੱਸਾ ਇੰਟਰਨੈੱਟ ਮੀਡੀਆ ’ਤੇ ਲਗਾਤਾਰ ਵੱਧ ਰਿਹਾ ਹੈ। ਮਾਹਿਰ ਦੱਸਦੇ ਹਨ ਕਿ ਜੇਕਰ ਇੰਡੀਗੋ ਜਲਦੀ ਹਾਲਾਤ ਨਹੀਂ ਸੁਧਾਰਦਾ ਤਾਂ ਦਿੱਲੀ-ਚੰਡੀਗੜ੍ਹ ਰੂਟ ’ਤੇ ਯਾਤਰਾ ਕਰਨਾ ਅਗਲੇ ਕੁਝ ਦਿਨਾਂ ’ਚ ਹੋਰ ਮੁਸ਼ਕਲ ਹੋ ਸਕਦਾ ਹੈ। ਇਸ ਵੇਲੇ ਹਵਾਈ ਅਤੇ ਰੇਲ ਦੋਵੇਂ ਖੇਤਰਾਂ ’ਤੇ ਸੰਕਟ ਦਾ ਦਬਾਅ ਸਪੱਸ਼ਟ ਦਿਖਾਈ ਦੇ ਰਿਹਾ ਹੈ ਤੇ ਯਾਤਰੀਆਂ ਨੂੰ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਵਾਧੂ ਚੌਕਸੀ ਦੀ ਲੋੜ ਹੈ। ਕੋਟ ਦੋ ਦਿਨਾਂ ’ਚ ਇੰਡੀਗੋ ਦੇ ਨੈੱਟਵਰਕ ਤੇ ਕਾਰਗੁਜ਼ਾਰੀ ’ਚ ਵੱਡੀ ਰੁਕਾਵਟ ਦੇਖਣ ਨੂੰ ਮਿਲੀ ਹੈ। ਇਨ੍ਹਾਂ ਘਟਨਾਵਾਂ ਨਾਲ ਪ੍ਰਭਾਵਿਤ ਸਾਰੇ ਗਾਹਕਾਂ ਤੇ ਉਦਯੋਗ ਨਾਲ ਸਬੰਧਤ ਹਿਤਧਾਰਕਾਂ ਤੋਂ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ। ਇੰਡੀਗੋ ਦੀਆਂ ਟੀਮਾਂ ਨਾਗਰਿਕ ਹਵਾਈਅੱਡਾ ਮੰਤਰਾਲਾ, ਡੀਜੀਸੀਏ, ਬੀਸੀਏਐਸ, ਏਏਆਈ ਤੇ ਏਅਰਪੋਰਟ ਆਪ੍ਰੇਟਰਾਂ ਦੇ ਸਹਿਯੋਗ ਨਾਲ ਪੂਰੀ ਤਤਪਰਤਾ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਦੇਰੀ ਦੇ ਇਸ ਸਿਲਸਿਲੇਵਾਰ ਪ੍ਰਭਾਵ ਨੂੰ ਘਟਾਇਆ ਜਾ ਸਕੇ ਤੇ ਹਾਲਾਤ ਨੂੰ ਜਲਦੀ ਸਧਾਰਿਆ ਜਾ ਸਕੇ। -ਬੁਲਾਰਾ, ਇੰਡੀਗੋ