ਪਹਾੜਾਂ ਦੀਆਂ ਠੰਢੀਆਂ ਹਵਾਵਾਂ ਨੇ ਠੰਢ ’ਚ ਕੀਤਾ ਵਾਧਾ, ਅੱਜ ਵੀ ਸ਼ੀਤ ਲਹਿਰ ਦਾ ਪੀਲਾ ਅਲਰਟ
ਪਹਾੜਾਂ ਦੀਆਂ ਠੰਡੀ ਹਵਾਵਾਂ ਨੇ ਵਧਾਈ ਸਰਦੀ
Publish Date: Thu, 04 Dec 2025 08:05 PM (IST)
Updated Date: Thu, 04 Dec 2025 08:05 PM (IST)

ਡਾਕਟਰਾਂ ਨੇ ਬੱਚਿਆਂ–ਬੁਜ਼ੁਰਗਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪਹਾੜੀ ਖੇਤਰਾਂ ਵਿਚ ਜਾਰੀ ਬਰਫਬਾਰੀ ਤੇ ਉੱਤਰ-ਪੱਛਮੀ ਦਿਸ਼ਾ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਦਾ ਅਸਰ ਚੰਡੀਗੜ੍ਹ ਵਿਚ ਸਾਫ਼ ਦਿਖਾਈ ਦੇ ਰਿਹਾ ਹੈ। ਵੀਰਵਾਰ ਨੂੰ ਪੂਰੇ ਦਿਨ ਸ਼ੀਤ ਲਹਿਰ ਦਾ ਅਸਰ ਇੰਨਾ ਤਿੱਖਾ ਰਿਹਾ ਕਿ ਦੁਪਹਿਰ ਵਿਚ ਧੁੱਪ ਨਿਕਲਣ ਦੇ ਬਾਵਜੂਦ ਠੰਢ ਘੱਟ ਨਹੀਂ ਹੋਈ। ਸ਼ਹਿਰ ’ਚ ਠੰਢ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਲਈ ਵੀ ਸ਼ੀਤ ਲਹਿਰ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਉਪਰਲਾ ਤਾਪਮਾਨ 22.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹੇਠਲਾ ਤਾਪਮਾਨ 6.3 ਡਿਗਰੀ ਤੱਕ ਪਹੁੰਚ ਗਿਆ। ਹੇਠਲਾ ਤਾਪਮਾਨ ਸਧਾਰਣ ਤੋਂ 4.3 ਡਿਗਰੀ ਘੱਟ ਰਿਹਾ, ਜਿਸ ਕਾਰਨ ਹਲਕੀ ਹਵਾਵਾਂ ਦੇ ਦਰਮਿਆਨ ਲੋਕਾਂ ਨੇ ਸਾਰਾ ਦਿਨ ਤਿੱਖੀ ਠੰਢ ਮਹਿਸੂਸ ਕੀਤੀ। ਮੌਸਮ ਵਿਭਾਗ ਮੁਤਾਬਕ ਪਹਾੜੀ ਰਾਜਾਂ ਵਿੱਚ ਸਰਗਰਮ ਸ਼ੀਤ ਲਹਿਰ ਅਤੇ ਲਗਾਤਾਰ ਘਟ ਰਿਹਾ ਤਾਪਮਾਨ ਅਗਲੇ ਦੋ ਦਿਨਾਂ ਤੱਕ ਅਸਰ ਦਿਖਾਉਂਦੇ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਨਾਗਰਿਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਵੇਲੇ ਖ਼ਾਸ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਅਗਲੇ 48 ਘੰਟਿਆਂ ਤੱਕ ਸਵੇਰੇ ਠੰਢ, ਹਲਕਾ ਕੋਹਰਾ ਅਤੇ ਦਿਨ ਵਿੱਚ ਹਲਕੀ ਧੁੱਪ ਰਹਿਣ ਦੇ ਇਸ਼ਾਰੇ ਹਨ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉੱਤਰ-ਪੱਛਮੀ ਹਵਾਵਾਂ ਕਾਰਨ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਹੋ ਸਕਦੀ ਹੈ। ਸਿਹਤ ਮਾਹਰਾਂ ਨੇ ਬੁਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਚਾਨਕ ਤਾਪਮਾਨ ਘਟਣ ਨਾਲ ਸਾਹ ਨਾਲ ਸੰਬੰਧਿਤ ਸਮੱਸਿਆਵਾਂ, ਸਰਦੀ-ਜ਼ੁਕਾਮ ਅਤੇ ਅਸਥਮਾ ਦੇ ਕੇਸ ਵੱਧ ਸਕਦੇ ਹਨ। ਇਸ ਲਈ ਲੋਕ ਗਰਮ ਕੱਪੜੇ ਵੱਧ ਵਰਤਣ ਅਤੇ ਸਵੇਰੇ ਜਲਦੀ ਘਰੋਂ ਬਾਹਰ ਨਿਕਲਣ ਤੋਂ ਬਚਣ। ਠੰਢ ਦੇ ਵੱਧਦੇ ਅਸਰ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਰੇਨਬਸੇਰੇ ਅਤੇ ਸਰਦੀ ਲਈ ਅਸਥਾਈ ਸੁਵਿਧਾਵਾਂ ਚਾਲੂ ਕਰ ਦਿੱਤੀਆਂ ਹਨ।