ਅੰਤਰਰਾਜੀ ਦੋ ਡਰੱਗ ਰੈਕੇਟ ਗਿਰੋਹ ਦੇ 12 ਮੈਂਬਰ ਗ੍ਰਿਫ਼ਤਾਰ
ਅੰਤਰਰਾਜੀ ਦੋ ਡਰੱਗ ਰੈਕੇਟ ਗਿਰੋਹ ਦੇ 12 ਮੈਂਬਰ ਗ੍ਰਿਫ਼ਤਾਰ
Publish Date: Mon, 24 Nov 2025 09:48 PM (IST)
Updated Date: Tue, 25 Nov 2025 04:14 AM (IST)

ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਬਰਾਮਦ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਨਸ਼ਾ ਤਸਕਰੀ ਕਰਨ ਵਾਲੇ 2 ਵੱਡੇ ਅੰਤਰਰਾਜੀ ਡਰੱਗ ਰੈਕੇਟਾਂ ਦਾ ਪਰਦਾਫਾਸ਼ ਕਰਦਿਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋ ਕਰੀਬ 8.15 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਤੇ ਹੋਰ ਸਾਮਾਨ, ਜਿਸ ’ਚ 1.2 ਕਿਲੋ ਕੋਕੀਨ, 476 ਗ੍ਰਾਮ ਚਿੱਟਾ, 2.1 ਗ੍ਰਾਮ ਆਈਸ ਡਰੱਗ, 26 ਲੱਖ ਦੀ ਡਰੱਗ ਮਨੀ, ਸੋਨੇ-ਚਾਂਦੀ ਦੇ ਗਹਿਣੇ, ਨੋਟ ਗਿਣਨ ਦੀ ਮਸ਼ੀਨ, ਪੰਜ ਵਾਹਨ ਤੇ 6 ਕਿਊਆਰ ਸਕੈਨਰ ਕੋਡ ਬਰਾਮਦ ਕੀਤੇ ਹਨ। ਬਰਾਮਦ ਨਸ਼ੇ ਤੇ ਸਾਮਾਨ ਦੀ ਕੁੱਲ ਕੀਮਤ ਲਗਭਗ 8.15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਕਾਰਵਾਈ ਐੱਸਪੀ ਕ੍ਰਾਈਮ ਜਸਬੀਰ ਸਿੰਘ ਤੇ ਡੀਐੱਸਪੀ ਕ੍ਰਾਈਮ ਧੀਰਜ ਕੁਮਾਰ ਦੇ ਨਿਰਦੇਸ਼ ਹੇਠ ਐੱਸਐੱਚਓ ਕ੍ਰਾਈਮ ਸਤਵਿੰਦਰ ਸਿੰਘ ਦੀਆਂ ਟੀਮਾਂ ਨੇ ਕੀਤੀ। ਐੱਸਪੀ ਜਸਬੀਰ ਸਿੰਘ ਅਨੁਸਾਰ ਏਐੱਸਆਈ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੈਕਟਰ-40 ਤੋਂ ਅਸ਼ਵਨੀ ਕੁਮਾਰ ਉਰਫ਼ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ਤੋਂ 47.80 ਗ੍ਰਾਮ ਚਿੱਟਾ ਮਿਲਿਆ। ਉਸ ਦੀ ਪੁੱਛਗਿੱਛ ਦੌਰਾਨ ਮਿਲੇ ਸੁਤਰਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੈਕਟਰ-56 ਤੇ ਮਲੋਆ ਤੋਂ ਸੋਨੂ ਉਰਫ਼ ਕੱਲੂ ਉਰਫ਼ ਡਾਨ ਤੇ ਸਲਮਾਨ ਉਰਫ਼ ਮੁੰਨਾ ਨੂੰ ਗ੍ਰਿਫ਼ਤਾਰ ਕੀਤਾ। ਸੋਨੂ ਤੋਂ 100.60 ਗ੍ਰਾਮ ਚਿੱਟਾ ਅਤੇ 2.01 ਗ੍ਰਾਮ ਆਈਸ ਡਰੱਗ ਜ਼ਬਤ ਕੀਤੀ ਗਈ। ਅੱਗੇ ਜਾਂਚ ਕਰਦਿਆਂ ਪੁਲਿਸ ਸੁਨੀਲ ਉਰਫ਼ ਦਰਜੀ ਤੇ ਅਨੂਪ ਤੱਕ ਪਹੁੰਚੀ, ਜਿਨ੍ਹਾਂ ਨੂੰ ਸੈਕਟਰ-38ਡੀ ਅਤੇ ਸੈਕਟਰ-25 ਤੋਂ ਕਾਬੂ ਕੀਤਾ ਗਿਆ। ਅਨੂਪ ਦੀ ਪੁੱਛਗਿੱਛ ’ਚ ਇੱਕ ਵੱਡੇ ਇੰਟਰਸਟੇਟ ਸਪਲਾਇਰ ਬੰਟੀ ਦਾ ਨਾਮ ਸਾਹਮਣੇ ਆਇਆ, ਜੋ ਢਕੋਲੀ, ਜ਼ੀਰਕਪੁਰ ਦਾ ਰਹਿਣ ਵਾਲਾ ਹੈ। ਬੰਟੀ ਦੇ ਠਿਕਾਣੇ ’ਤੇ ਰੇਡ ਦੌਰਾਨ 20,64,750 ਰੁਪਏ, ਸੋਨੇ ਦੇ ਗਹਿਣੇ ਤੇ ਕਾਲੀ ਡਸਟਰ ਕਾਰ ਬਰਾਮਦ ਕੀਤੀ ਗਈ। ਬਾਅਦ ’ਚ ਉਸ ਨੂੰ ਗ੍ਰਿਫ਼ਤਾਰ ਕਰ ਕੇ 490 ਗ੍ਰਾਮ ਕੋਕੀਨ ਵੀ ਜ਼ਬਤ ਕੀਤੀ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਬੰਟੀ ਦਿੱਲੀ ਦੇ ਉੱਤਮ ਨਗਰ ਤੋਂ ਇਕ ਸਪਲਾਇਰ ਸੱਨੀ ਤੋਂ ਕੋਕੀਨ ਮੰਗਵਾਉਂਦਾ ਸੀ। ਇਸ ਤੋਂ ਇਲਾਵਾ ਉਹ ਦਿੱਲੀ ‘ਚ ਰਹਿੰਦੇ ਅਫਰੀਕੀ ਨਾਗਰਿਕਾਂ ਤੋਂ ਵੀ ਸਿੰਥੇਟਿਕ ਡਰੱਗਜ਼ ਖਰੀਦਦਾ ਸੀ। ਲੋਕਲ ਪੈਡਲਰ ਅਸ਼ੂ, ਸੁਨੀਲ ਤੇ ਸਲਮਾਨ, ਸੋਨੂ ਤੋਂ ਛੋਟੀ ਤੇ ਦਰਮਿਆਨੀ ਮਾਤਰਾ ’ਚ ਨਸ਼ਾ ਲੈ ਕੇ ਟ੍ਰਾਈਸਿਟੀ ’ਚ ਸਪਲਾਈ ਕਰਦੇ ਸਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਅਸ਼ਵਨੀ, ਸੋਨੂ, ਸਲਮਾਨ, ਸੁਨੀਲ, ਅਨੂਪ ਤੇ ਬੰਟੀ ਤੋਂ ਹੁਣ ਤੱਕ 102.59 ਗ੍ਰਾਮ ਕੋਕੀਨ, 197.02 ਗ੍ਰਾਮ ਚਿੱਟਾ, 2.01 ਗ੍ਰਾਮ ਆਈਸ ਡਰੱਗ, 21 ਲੱਖ ਦੀ ਡਰੱਗ ਮਨੀ, 2 ਕਾਰਾਂ ਤੇ ਕਾਫ਼ੀ ਮਾਤਰਾ ’ਚ ਗਹਿਣੇ ਬਰਾਮਦ ਹੋ ਚੁੱਕੇ ਹਨ। ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡਾਂ ਦੀ ਗੱਲ ਕੀਤੀ ਜਾਵੇ ਤਾਂ ਆਸ਼ੂ ’ਤੇ 2017 ’ਚ ਐੱਨਡੀਪੀਐੱਸ ਦੇ 2 ਕੇਸ ਦਰਜ ਹੋਏ ਸਨ। ਸੋਨੂ ਉਰਫ਼ ਕੱਲੂ ਉਰਫ਼ ਡਾਨ ’ਤੇ 2005 ਤੋਂ 2015 ਦੇ ਵਿਚਕਾਰ 7 ਕੇਸ ਦਰਜ ਹੋਏ, ਜਿਨ੍ਹਾਂ ’ਚੋਂ 4 ਐੱਨਡੀਪੀਐੱਸ, ਇੱਕ ਕਤਲ ਦੇ ਯਤਨ ਤੇ ਇੱਕ ਆਰਮਜ਼ ਐਕਟ ਦਾ ਕੇਸ ਸ਼ਾਮਲ ਹੈ। ਸਲਮਾਨ ਉਰਫ਼ ਮੁੰਨਾ ’ਤੇ ਮਲੋਆ ਥਾਣੇ ’ਚ ਐੱਨਡੀਪੀਐੱਸ ਦਾ ਕੇਸ ਹੈ। ਸੁਨੀਲ ਉਰਫ਼ ਦਰਜੀ ’ਤੇ 2022 ’ਚ ਐੱਨਡੀਪੀਐੱਸ ਅਧੀਨ ਕੇਸ ਦਰਜ ਹੋਇਆ ਸੀ। ਅਨੂਪ ਤੇ ਬੰਟੀ ’ਤੇ ਕੋਈ ਪੁਰਾਣਾ ਕੇਸ ਦਰਜ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਨੈੱਟਵਰਕ ਦੀਆਂ ਹੋਰ ਕੜੀਆਂ ਦੀ ਭਾਲ ਜਾਰੀ ਹੈ ਤੇ ਅਗਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।