ਬਾਬਾ ਫਰੀਦ ਯੂਨੀਵਰਸਿਟੀ ਨੇ ਇੰਟਰਨੈਸ਼ਨਲ ਡਿਪਲੋਮਾ ਇਨ ਕੇਅਰ-ਗਿਵਿੰਗ ਸ਼ੁਰੂ ਕੀਤਾ
ਬਾਬਾ ਫਰੀਦ ਯੂਨੀਵਰਸਿਟੀ ਨੇ ਇੰਟਰਨੈਸ਼ਨਲ ਡਿਪਲੋਮਾ ਇਨ ਕੇਅਰ-ਗਿਵਿੰਗ ਸ਼ੁਰੂ ਕੀਤਾ
Publish Date: Fri, 21 Nov 2025 07:10 PM (IST)
Updated Date: Fri, 21 Nov 2025 07:13 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕੁਆਲੀਫਿਕੇਸ਼ਨ ਐਂਡ ਅਸੈਸਮੈਂਟ ਇੰਟਰਨੈਸ਼ਨਲ (ਕਿਊ ਏ ਆਈ) ਨਾਲ ਸਮਝੌਤਾ ਕਰਕੇ “ਇੰਟਰਨੈਸ਼ਨਲ ਡਿਪਲੋਮਾ ਇਨ ਕੇਅਰ-ਗਿਵਿੰਗ” ਕੋਰਸ ਸ਼ੁਰੂ ਕੀਤਾ ਹੈ। ਇਹ 40 ਅਕਾਦਮਿਕ ਕ੍ਰੈਡਿਟ ਵਾਲਾ ਕੋਰਸ ਕੇਅਰ-ਗਿਵਿੰਗ ਖੇਤਰ ਵਿੱਚ ਪੇਸ਼ੇਵਰ ਤਿਆਰ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਦੀ ਮੰਗ ਹਸਪਤਾਲਾਂ, ਬ੍ਰਿਧ ਆਸ਼ਰਮਾਂ ਅਤੇ ਘਰੇਲੂ ਸੇਵਾਵਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਇਹ ਡਿਪਲੋਮਾ 12ਵੀਂ ਪਾਸ ਵਿਦਿਆਰਥੀਆਂ ਲਈ ਖੋਲ੍ਹਿਆ ਗਿਆ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਸਿਲੇਬਸ ਰਾਹੀਂ ਉਨ੍ਹਾਂ ਨੂੰ ਨੌਕਰੀ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਦਾ ਹੈ। ਡਿਪਲੋਮਾ ਪਾਸ ਵਿਦਿਆਰਥੀਆਂ ਨੂੰ ਭਾਰਤ ਦੇ ਨਾਲ-ਨਾਲ ਯੂਕੇ, ਜਰਮਨੀ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਯੂਨੀਵਰਸਿਟੀ ਵੱਲੋਂ ਦਿੱਤੇ ਜਾਣ ਵਾਲੇ ਕ੍ਰੈਡਿਟਸ ਭਵਿੱਖ ਵਿੱਚ ਉੱਚ ਸਿੱਖਿਆ ਲਈ ਵੀ ਵਰਤੇ ਜਾ ਸਕਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਤਰੱਕੀ ਮਿਲ ਸਕਦੀ ਹੈ। ਕੋਰਸ ਵਿੱਚ ਕਲਾਸਰੂਮ ਸਿੱਖਿਆ ਦੇ ਨਾਲ ਵਿਹਾਰਕ ਸਿਖਲਾਈ ਸ਼ਾਮਲ ਹੈ, ਜੋ ਵਿਦਿਆਰਥੀਆਂ ਨੂੰ ਪਹਿਲੇ ਦਿਨ ਤੋਂ ਹੀ ਨੌਕਰੀ ਲਈ ਤਿਆਰ ਕਰਦੀ ਹੈ। ਇਸ ਮੌਕੇ ਡਾ. ਸੰਦੀਪ ਸਿੰਘ ਕੌੜਾ ਨੇ ਦੱਸਿਆ ਕਿ ਕਿਊ ਏ ਆਈ ਵੱਲੋਂ ਜਰਮਨੀ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੀਆਂ ਭਾਰਤੀ ਨਰਸਾਂ ਲਈ ਜਰਮਨ ਭਾਸ਼ਾ ਦੀ ਮੁਫ਼ਤ ਸਿਖਲਾਈ ਅਤੇ ਰੁਜ਼ਗਾਰ ਪ੍ਰਾਪਤੀ ਲਈ ਵੀ ਪਹਿਲਕਦਮੀ ਕੀਤੀ ਗਈ ਹੈ। ਜਰਮਨੀ ਇਸ ਵੇਲੇ ਸਿਹਤ ਸੰਭਾਲ ਖੇਤਰ ਵਿੱਚ ਪੇਸ਼ੇਵਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਭਾਰਤੀ ਨਰਸਾਂ ਲਈ ਨਵੇਂ ਮੌਕੇ ਬਣ ਰਹੇ ਹਨ। ਬਾਬਾ ਫਰੀਦ ਯੂਨੀਵਰਸਿਟੀ ਸਿਹਤ ਵਿਗਿਆਨਾਂ ਵਿੱਚ ਪੇਸ਼ੇਵਰ ਤਿਆਰ ਕਰਨ ਲਈ ਜਾਣੀ ਜਾਂਦੀ ਹੈ। ਦੂਜੇ ਪਾਸੇ, ਕਿਊ ਏ ਆਈ ਭਾਰਤ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ ਵਾਲੇ ਹੁਨਰ ਅਤੇ ਭਾਸ਼ਾ ਪ੍ਰੋਗਰਾਮ ਪ੍ਰਦਾਨ ਕਰਨ ਵਾਲਾ ਸੰਗਠਨਾ ਹੈ। ਇਹ ਡਿਪਲੋਮਾ ਕੋਰਸ ਸਿਹਤ ਖੇਤਰ ਵਿੱਚ ਰੁਜ਼ਗਾਰ ਦੀ ਮੰਗ ਨੂੰ ਪੂਰਾ ਕਰਨ ਅਤੇ ਭਾਰਤੀ ਨੌਜਵਾਨਾਂ ਨੂੰ ਵਿਦੇਸ਼ੀ ਮੌਕੇ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਅਤੇ ਐਨਐਸਡੀਸੀ ਦੇ ਸਕਿੱਲ ਇੰਡੀਆ ਮਿਸ਼ਨ ਦੇ ਨਾਲ ਸੰਬੰਧਿਤ ਇਹ ਡਿਪਲੋਮਾ ਕੋਰਸ ਕਲਾਸਰੂਮ ਸਿੱਖਿਆ ਅਤੇ ਵਿਹਾਰਕ ਸਿਖਲਾਈ ਨਾਲ ਜੁੜਿਆ ਹੋਣ ਕਰਕੇ ਇਹ ਯਕੀਨੀ ਬਣਾਉਂਦਾ ਹੈ ਕਿ ਡਿਪਲੋਮਾ ਪ੍ਰਾਪਤ ਕਰਤਾ ਪਹਿਲੇ ਦਿਨ ਤੋਂ ਹੀ ਨੌਕਰੀ ਲਈ ਸਮਰੱਥ ਹਨ। ਇਹ ਸਮਝੌਤਾ ਘਰੇਲੂ ਸਿਹਤ ਸੰਭਾਲ ਜ਼ਰੂਰਤਾਂ, ਵਿਸ਼ਵਵਿਆਪੀ ਦੇਖਭਾਲ ਦੀ ਮੰਗ ਅਤੇ ਉੱਚ ਸਿੱਖਿਆ ਵਿੱਚ ਤਰੱਕੀ ਨੂੰ ਪੂਰਾ ਕਰਨ ਵਾਲੇ ਭਾਰਤ ਦੇ ਨੌਜਵਾਨਾਂ ਨੂੰ ਕੈਰੀਅਰ ਲਈ ਤਿਆਰ ਕਰਨ ਵਿੱਚ ਇੱਕ ਵੱਡਾ ਕਦਮ ਦਰਸਾਉਂਦਾ ਹੈ।