ਅਜੀਤ ਸਿੰਘ ਨੇ ਜਦੋਂ ਉਸ ਬਾਲਟੀ ਨੂੰ ਗੇਟ ਦੇ ਸਾਹਮਣਿਓਂ ਹਟਾ ਕੇ ਥੋੜ੍ਹਾ ਅੱਗੇ ਰੱਖਿਆ, ਤਾਂ ਗੁਆਂਢੀ ਮਹਿਲਾ ਮੀਨਾਕਸ਼ੀ, ਉਸ ਦੀ ਬੇਟੀ ਅਤੇ ਭਤੀਜੀ ਘਰੋਂ ਬਾਹਰ ਆ ਗਈਆਂ ਅਤੇ ਗਾਲੀ-ਗਲੋਚ ਕਰਦਿਆਂ ਬਹਿਸ ਕਰਨ ਲੱਗੀਆਂ। ਅਜੀਤ ਸਿੰਘ ਦਾ ਦੋਸ਼ ਹੈ ਕਿ ਬਹਿਸ ਦੌਰਾਨ ਮਹਿਲਾ ਦੀ ਬੇਟੀ ਨੇ ਉਨ੍ਹਾਂ ਦੇ ਮੂੰਹ 'ਤੇ ਥੱਪੜ ਜੜ ਦਿੱਤਾ। ਸ਼ੋਰ ਸੁਣ ਕੇ ਜਦੋਂ ਉਨ੍ਹਾਂ ਦੀ ਪਤਨੀ ਮੰਜੂ ਅਤੇ ਪੁੱਤਰ ਅਭਿਸ਼ੇਕ ਰਾਣਾ ਬਚਾਅ ਕਰਨ ਆਏ, ਤਾਂ ਕ੍ਰਿਸ਼ਨ ਸਿੰਘ ਘਰ ਦੇ ਅੰਦਰੋਂ ਕ੍ਰਿਕਟ ਬੈਟ ਕੱਢ ਲਿਆਇਆ ਅਤੇ ਅਜੀਤ 'ਤੇ ਹਮਲਾ ਕਰ ਦਿੱਤਾ।
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਢਕੌਲੀ ਦੇ ਪੀਰਮੁਛੱਲਾ ਖੇਤਰ ਦੀ ਸ਼ਿਵ ਨਗਰ ਕਾਲੋਨੀ ਵਿਚ ਬਾਲਟੀ ਹਟਾਉਣ ਕਰਕੇ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਗੁਆਂਢੀਆਂ ਨੇ ਇਕ ਪਰਿਵਾਰ 'ਤੇ ਬੈਟ, ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਵ ਨਗਰ ਨਿਵਾਸੀ ਅਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 5:00 ਵਜੇ ਉਹ ਆਪਣੇ ਘਰ ਮੌਜੂਦ ਸਨ। ਉਨ੍ਹਾਂ ਦੇ ਗੁਆਂਢੀ ਕ੍ਰਿਸ਼ਨ ਸਿੰਘ ਨੇ ਗਲੀ ਵਿਚ ਉਨ੍ਹਾਂ ਦੇ ਗੇਟ ਕੋਲ ਪਸ਼ੂਆਂ ਦੇ ਚਾਰੇ ਲਈ ਪਾਣੀ ਦੀ ਇਕ ਪਲਾਸਟਿਕ ਦੀ ਬਾਲਟੀ ਅਤੇ ਮਿੱਟੀ ਦਾ ਬਰਤਨ ਰੱਖਿਆ ਹੋਇਆ ਸੀ। ਅਜੀਤ ਸਿੰਘ ਨੇ ਜਦੋਂ ਉਸ ਬਾਲਟੀ ਨੂੰ ਗੇਟ ਦੇ ਸਾਹਮਣਿਓਂ ਹਟਾ ਕੇ ਥੋੜ੍ਹਾ ਅੱਗੇ ਰੱਖਿਆ, ਤਾਂ ਗੁਆਂਢੀ ਮਹਿਲਾ ਮੀਨਾਕਸ਼ੀ, ਉਸ ਦੀ ਬੇਟੀ ਅਤੇ ਭਤੀਜੀ ਘਰੋਂ ਬਾਹਰ ਆ ਗਈਆਂ ਅਤੇ ਗਾਲੀ-ਗਲੋਚ ਕਰਦਿਆਂ ਬਹਿਸ ਕਰਨ ਲੱਗੀਆਂ। ਅਜੀਤ ਸਿੰਘ ਦਾ ਦੋਸ਼ ਹੈ ਕਿ ਬਹਿਸ ਦੌਰਾਨ ਮਹਿਲਾ ਦੀ ਬੇਟੀ ਨੇ ਉਨ੍ਹਾਂ ਦੇ ਮੂੰਹ 'ਤੇ ਥੱਪੜ ਜੜ ਦਿੱਤਾ। ਸ਼ੋਰ ਸੁਣ ਕੇ ਜਦੋਂ ਉਨ੍ਹਾਂ ਦੀ ਪਤਨੀ ਮੰਜੂ ਅਤੇ ਪੁੱਤਰ ਅਭਿਸ਼ੇਕ ਰਾਣਾ ਬਚਾਅ ਕਰਨ ਆਏ, ਤਾਂ ਕ੍ਰਿਸ਼ਨ ਸਿੰਘ ਘਰ ਦੇ ਅੰਦਰੋਂ ਕ੍ਰਿਕਟ ਬੈਟ ਕੱਢ ਲਿਆਇਆ ਅਤੇ ਅਜੀਤ 'ਤੇ ਹਮਲਾ ਕਰ ਦਿੱਤਾ।
ਇਸੇ ਦੌਰਾਨ ਗੁਆਂਢੀ ਦੀ ਭਤੀਜੀ ਨੇ ਉਸ ਦੀ ਪਤਨੀ ਮੰਜੂ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਲਿਆ। ਜਦੋਂ ਪੁੱਤਰ ਅਭਿਸ਼ੇਕ ਨੇ ਆਪਣੀ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਲੜਕੀਆਂ ਨੇ ਉਸ ਨੂੰ ਵੀ ਜ਼ਮੀਨ 'ਤੇ ਪਟਕ ਦਿੱਤਾ। ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋਏ, ਤਾਂ ਕ੍ਰਿਸ਼ਨ ਇੱਟ ਅਤੇ ਡੰਡਾ ਲੈ ਕੇ ਆਇਆ ਅਤੇ ਹਮਲਾ ਕਰ ਦਿੱਤਾ। ਮੁਹੱਲਾ ਨਿਵਾਸੀਆਂ ਨੇ ਕਿਸੇ ਤਰ੍ਹਾਂ ਵਿਚ-ਬਚਾਅ ਕਰਕੇ ਉਨ੍ਹਾਂ ਨੂੰ ਛੁਡਵਾਇਆ, ਪਰ ਜਾਂਦੇ-ਜਾਂਦੇ ਮੀਨਾਕਸ਼ੀ ਨੇ ਪਿੱਛੋਂ ਅਜੀਤ ਦੇ ਮੋਢੇ 'ਤੇ ਬੈਟ ਨਾਲ ਹਮਲਾ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਅਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਮੰਜੂ ਨੂੰ ਢਕੌਲੀ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੀਨਾਕਸ਼ੀ, ਕ੍ਰਿਸ਼ਨ ਸਿੰਘ, ਦਿਵਿਆ ਅਤੇ ਆਸਥਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।