ਐੱਨਡੀਆਰਐੱਫ ਵੱਲੋਂ ਰਸਾਇਣ ਲੀਕੇਜ ਆਫ਼ਤ ਪ੍ਰਬੰਧਨ ਮੌਕ ਡਰਿੱਲ ਅੱਜ
ਐੱਨਡੀਆਰਐੱਫ ਵੱਲੋਂ ਰਸਾਇਣ ਲੀਕੇਜ ਆਫ਼ਤ ਪ੍ਰਬੰਧਨ ਮੌਕ ਡਰਿੱਲ ਅੱਜ
Publish Date: Tue, 30 Dec 2025 06:22 PM (IST)
Updated Date: Tue, 30 Dec 2025 06:23 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀ ਟੀਮ ਦੇ ਸਹਿਯੋਗ ਨਾਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਲਾਲੜੂ ਵਿਖੇ ਅੱਜ ਬੁੱਧਵਾਰ ਸਵੇਰੇ 11:30 ਵਜੇ ਕੈਮੀਕਲ ਆਫ਼ਤ ਪ੍ਰਬੰਧਨ ਮੌਕ ਡਰਿੱਲ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕ ਡਰਿੱਲ ਦਾ ਮੁੱਖ ਉਦੇਸ਼ ਰਸਾਇਣ ਲੀਕੇਜ ਜਾਂ ਅੱਗ ਵਰਗੀ ਅਚਾਨਕ ਆਫ਼ਤ ਦੀ ਸਥਿਤੀ ਵਿਚ ਪ੍ਰਸ਼ਾਸਨ, ਐੱਨਡੀਆਰਐੱਫ ਅਤੇ ਹੋਰ ਸਬੰਧਤ ਏਜੰਸੀਆਂ ਦੀ ਤਿਆਰੀ ਅਤੇ ਆਪਸੀ ਤਾਲਮੇਲ ਦੀ ਸਮੀਖਿਆ ਕਰਨਾ ਹੋਵੇਗਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਬੰਧੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਲਾਲੜੂ ਨੇੜੇ ਰਹਿਣ ਵਾਲੇ ਲੋਕਾਂ ਨੂੰ ਉਕਤ ਸਮੇਂ ਦੌਰਾਨ ਖ਼ਤਰੇ ਦੇ ਸਾਇਰਨ ਵੱਜਣ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿਚ ਨਾ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਐੱਨਡੀਆਰਐੱਫ ਦੀ ਸੱਤਵੀਂ ਬਟਾਲੀਅਨ ਦੇ ਇੰਸਪੈਕਟਰ ਸੰਜੇ ਬਿਸ਼ਟ ਵੱਲੋਂ ਤਹਿਸੀਲਦਾਰ ਡੇਰਾਬੱਸੀ ਸੁਮਿਤ ਢਿੱਲੋਂ ਦੀ ਮੌਜੂਦਗੀ ਵਿਚ ਇਸ ਮੌਕ ਡਰਿੱਲ ਦਾ ਹਿੱਸਾ ਬਣਨ ਵਾਲੇ ਸਮੂਹ ਵਿਭਾਗਾਂ ਨਾਲ ਤਿਆਰੀ ਅਤੇ ਤਾਲਮੇਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਤੋਂ ਜਾਣੂ ਕਰਵਾਇਆ ਗਿਆ। ਐੱਨਡੀਆਰਐੱਫ ਟੀਮ ਨੇ ਦੱਸਿਆ ਕਿ ਇਸ ਦੌਰਾਨ ਖ਼ਤਰੇ ਦਾ ਸਾਇਰਨ ਵੱਜਣ ਤੇ ਤੁਰੰਤ ਖ਼ਤਰੇ ਵਿਚ ਆਏ ‘ਪੀੜਤਾਂ’ ਨੂੰ ਬਾਹਰ ਕੱਢਣ, ਉਨ੍ਹਾਂ ਨੂੰ ਤੁਰੰਤ ਮੁੱਢਲਾ ਇਲਾਜ ਮੁਹੱਈਆ ਕਰਵਾ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਣ ਤੇ ਅੱਗ/ਰਸਾਇਣ ਲੀਕੇਜ ਤੇ ਕਾਬੂ ਪਾਉਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕ ਡਰਿੱਲ ਵਿਚ ਪੁਲਿਸ ਵਿਭਾਗ, ਸਿਹਤ ਵਿਭਾਗ, ਅੱਗ ਬੁਝਾਉ ਵਿਭਾਗ (ਫਾਇਰ ਬ੍ਰਿਗੇਡ), ਡੇਰਾਬੱਸੀ ਪ੍ਰਸ਼ਾਸਨ, ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਰਗਰਮੀ ਨਾਲ ਭਾਗ ਲਿਆ ਜਾਵੇਗਾ।