ਨਵਜੋਤ ਕੌਰ ਸਿੱਧੂ ਨੇ ਬੰਦੀ ਸਿੰਘਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ, CM ਦੀ ਕੋਠੀ ਵੱਲ ਕੂਚ ਕਰ ਰਹੇ ਕਾਫਲੇ 'ਚ ਕੀਤੀ ਸ਼ਮੂਲੀਅਤ
ਇਸ ਲਈ ਜਿੱਥੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ 'ਚ ਸ਼ਾਮਲ ਹੋ ਕੇ ਪੂਰੀ ਚਾਰਾਜੋਈ ਕਰਨਗੇ। ਉਥੇ ਹੀ ਹੋਰ ਸਿਆਸੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਅਸੀਂ ਸਾਰੇ ਸੱਚੇ ਸਿਆਸਤਦਾਨ ਹਾਂ ਤਾਂ ਇਸ ਨਾਇਨਸਾਫ਼ੀ ਖਿਲਾਫ਼ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Publish Date: Thu, 28 May 2026 02:56 PM (IST)
Updated Date: Thu, 28 May 2026 03:05 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੀ ਸਾਬਕਾ ਰਾਜ ਮੰਤਰੀ ਸ੍ਰੀਮਤੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀਰਵਾਰ ਨੂੰ ਮੁਹਾਲੀ ਵਿੱਚ ਸਿੱਖ ਜਥੇਬੰਦੀਆਂ ਦੇ ਪੱਕੇ ਮੋਰਚੇ ਵਿਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਸਮਰਥਨ ਕੀਤਾ ਅਤੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵੱਲ ਕੂਚ ਕਰ ਰਹੇ ਕੌਮੀ ਇਨਸਾਫ ਮੋਰਚੇ ਦੇ ਕਾਫਲੇ ਵਿਚ ਸ਼ਮੂਲੀਅਤ ਕੀਤੀ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬੰਦੀ ਸਿੰਘ ਜਿਨ੍ਹਾਂ ਨੇ ਜ਼ੁਰਮ ਦੀ ਸਜ਼ਾ ਵੀ ਭੁਗਤ ਲਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਰਿਹਾਅ ਨਾ ਕਰਨਾ ਦੇਸ਼ ਦੇ ਨਾਗਰਿਕਾਂ ਨਾਲ ਵੱਡਾ ਧੱਕਾ ਹੈ। ਇਸ ਲਈ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰੀ ਲਈ ਉਹ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਕਰਦੇ ਹਨ, ਉਥੇ ਹੀ ਉਹ ਮੋਰਚੇ ਦੀਆਂ ਮੰਗਾਂ ਦੀ ਸਫਲਤਾ ਲਈ ਪੂਰਾ ਸਹਿਯੋਗ ਕਰਨਗੇ ਕਿਉਂਕਿ ਸਿਆਸਤ ਦਾ ਅਰਥ ਆਮ ਲੋਕਾਂ ਦੀ ਸੁਰੱਖਿਆ ਤੇ ਮੁਸ਼ਕਲਾਂ ਦਾ ਹੱਲ ਹੁੰਦਾ ਹੈ। ਇਸ ਲਈ ਜਿੱਥੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ 'ਚ ਸ਼ਾਮਲ ਹੋ ਕੇ ਪੂਰੀ ਚਾਰਾਜੋਈ ਕਰਨਗੇ। ਉਥੇ ਹੀ ਹੋਰ ਸਿਆਸੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਅਸੀਂ ਸਾਰੇ ਸੱਚੇ ਸਿਆਸਤਦਾਨ ਹਾਂ ਤਾਂ ਇਸ ਨਾਇਨਸਾਫ਼ੀ ਖਿਲਾਫ਼ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਸ ਦੌਰਾਨ ਸ੍ਰੀਮਤੀ ਸਿੱਧੂ ਮੋਰਚੇ ਤੋਂ ਮੁੱਖ ਮੰਤਰੀ ਰਿਹਾਇਸ਼ ਵੱਲ ਜਾਣ ਵਾਲੇ ਜੱਥੇ 'ਚ ਸ਼ਾਮਲ ਹੋ ਕੇ ਪੁਲਿਸ ਬੈਰੀਕੇਟਾਂ ਕੋਲ ਰੋਜ਼ਾਨਾ ਦਿੱਤੇ ਜਾਣ ਵਾਲੇ ਧਰਨੇ 'ਚ ਵੀ ਬੈਠੇ।
ਇਸ ਮੌਕੇ ਬਲਵਿੰਦਰ ਸਿੰਘ ਕਾਲਾ, ਬਲਜੀਤ ਸਿੰਘ ਭਾਊ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਪਾਲ ਸਿੰਘ ਘੜੂੰਆਂ, ਪਰਮਜੀਤ ਸਿੰਘ ਖਾਲਸਾ, ਅਵਤਾਰ ਸਿੰਘ ਬੁੜੈਲ ਤੇ ਰੇਸ਼ਮ ਸਿੰਘ ਖਰੜ ਆਦਿ ਵੀ ਹਾਜ਼ਰ ਸਨ।