ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਚੰਡੀਗੜ੍ਹ ਵਿੱਚ ਰੋਜ਼ਾਨਾ ਲਗਭਗ ਨੌਂ ਲੱਖ ਵਾਹਨਾਂ ਦੀ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਗਈ।
ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਨੂੰ ਅਪਣਾਉਣਾ ਚਾਹੁੰਦੇ ਹਨ ਅਤੇ ਸਾਲ 2027 ਵਿੱਚ ਭਾਜਪਾ ਦੀ ਸਰਕਾਰ ਬਣਾਕੇ ਸੂਬੇ ਵਿੱਚ ਡਬਲ ਇੰਜਣ ਸਰਕਾਰ ਰਾਹੀਂ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਜਾਵੇਗੀ। ਉਹ ਅੱਜ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਜ਼ੀਰਕਪੁਰ ਸਥਿਤ ਦਫ਼ਤਰ ਵਿੱਚ ਨਗਰ ਕੌਂਸਲ ਚੋਣਾਂ ਸਬੰਧੀ ਪਾਰਟੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਬਿੱਟੂ ਨੇ ਚੰਡੀਗੜ੍ਹ ਵਿੱਚ ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇੱਕ ਮਹੱਤਵਪੂਰਨ ਰੇਲਵੇ ਅੰਡਰਬ੍ਰਿਜ ਦਾ ਉਦਘਾਟਨ ਕੀਤਾ ਜੋ ਕਿ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੇ ਹਜ਼ਾਰਾਂ ਲੋਕਾਂ ਲਈ ਲਾਹੇਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਚੰਡੀਗੜ੍ਹ ਵਿੱਚ ਰੋਜ਼ਾਨਾ ਲਗਭਗ ਨੌਂ ਲੱਖ ਵਾਹਨਾਂ ਦੀ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਗਈ।
ਉਦਘਾਟਨ ਸਮਾਗਮ ਤੋਂ ਬਾਅਦ ਬਿੱਟੂ ਗੁਰਦਰਸ਼ਨ ਸਿੰਘ ਸੈਣੀ ਦੇ ਦਫ਼ਤਰ ਪੁੱਜੇ, ਜਿੱਥੇ ਵਾਰਡ ਨੰਬਰ 13 ਅਤੇ 14 ਤੋਂ ਭਾਜਪਾ ਉਮੀਦਵਾਰ ਹਰਜੀਤ ਸਿੰਘ ਮਿੰਟਾ ਨੇ ਉਨ੍ਹਾਂ ਦੀ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਵਿੱਚ ਮੈਦਾਨ ਵਿੱਚ ਉਤਰੇ 31 ਵਿਚੋਂ 24 ਭਾਜਪਾ ਉਮੀਦਵਾਰਾਂ ਨਾਲ ਮੁਲਾਕਾਤ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਉਹਨਾਂ 7 ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤੇ ਗਏ ਸਨ। ਬਿੱਟੂ ਨੇ ਕਿਹਾ ਕਿ ਗੁਰਦਰਸ਼ਨ ਸਿੰਘ ਸੈਣੀ ਨਾਲ ਉਨ੍ਹਾਂ ਦਾ ਰਿਸ਼ਤਾ ਤਿੰਨ ਦਹਾਕਿਆਂ ਤੋਂ ਵੱਧ ਪੁਰਾਣਾ ਹੈ।
ਉਨ੍ਹਾਂ ਦੱਸਿਆ ਕਿ ਸੈਣੀ ਦੇ ਪਿਤਾ ਗੁਰਨਾਮ ਸਿੰਘ ਸੈਣੀ ਬੋਰਿੰਗ ਦੇ ਖੇਤਰ ਵਿੱਚ ਮੰਨੇ-ਪ੍ਰਮੰਨੇ ਨਾਮ ਸਨ ਅਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ ਡੂੰਘੇ ਬੋਰ ਕਰਕੇ ਟਿਊਬਵੈੱਲ ਲਗਾਏ ਸਨ, ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੀ। ਉਨ੍ਹਾਂ ਗੁਰਨਾਮ ਸਿੰਘ ਸੈਣੀ ਦੀ ਅਪੀਲ ਤੇ ਸੇਤੀ ਹੀ ਢਕੋਲੀ ਅਤੇ ਡੇਰਾਬੱਸੀ ਵਿੱਚ ਵੀ ਰੇਲਵੇ ਅੰਡਰਬ੍ਰਿਜ ਜਾ ਆਰ.ਓ.ਬੀ ਪਾਸ ਕਰਨ ਨੂੰ ਵੀ ਪ੍ਰਵਾਨ ਕਰਦਿਆਂ ਕਿਹਾ ਕਿ ਇਹ ਕੰਮ ਵੀ ਜਲਦੀ ਹੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ।
ਨਗਰ ਕੌਂਸਲ ਚੋਣਾਂ ਦੇ ਸੰਦਰਭ ਵਿੱਚ ਬਿੱਟੂ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਦਬਾਅ ਅਤੇ ਧਾਂਧਲੀ ਰਾਹੀਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸਬੰਧੀ ਵੱਖ-ਵੱਖ ਥਾਵਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਚੋਣਾਂ ਦੌਰਾਨ ਧਾਂਧਲੀ ਕਰਨ ਜਾਂ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਚੋਣ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਸੰਪੰਨ ਕਰਵਾਉਣ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਸਾਬਤ ਹੋਣਗੀਆਂ ਅਤੇ ਭਾਜਪਾ ਨੇ ਹਰ ਵਾਰਡ ਵਿੱਚ ਆਪਣੇ ਉਮੀਦਵਾਰ ਉਤਾਰ ਕੇ ਜਿੱਤ ਦਾ ਅਭਿਆਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਪਾਰਟੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਪੂਰੀ ਤਨਦੇਹੀ, ਸਮਰਪਣ ਅਤੇ ਇਕਜੁੱਟਤਾ ਨਾਲ ਚੋਣ ਮੈਦਾਨ ਵਿੱਚ ਡਟੇ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਬਿੱਟੂ ਨੇ ਪੰਜਾਬ ਸਰਕਾਰ ’ਤੇ ਸੂਬੇ ਨੂੰ ਕਰਜ਼ੇ ਦੇ ਜਾਲ ਵਿੱਚ ਧੱਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਬਾਅਦ ਸਰਕਾਰ ਤੀਜੀ ਵਾਰ ਕਰਜ਼ਾ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਹੀ ਦਿਨ ਵਿੱਚ 2500 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਦਕਿ ਸੂਬਾ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਲੈ ਜਾਣ ਦੀ ਬਜਾਏ ਵਿੱਤੀ ਸੰਕਟ ਵੱਲ ਧੱਕਿਆ ਜਾ ਰਿਹਾ ਹੈ।