ਮੁਹਾਲੀ ’ਚ 100 ਤੋਂ ਵੱਧ ਘਰਾਂ ਦੇ ਬਾਹਰ ਚੱਲਿਆ ਬੁਲਡੋਜ਼ਰ
ਮੁਹਾਲੀ ਵਿਚ 100 ਤੋਂ ਵੱਧ ਘਰਾਂ ਦੇ ਬਾਹਰ ਚੱਲਿਆ ਨਗਰ ਨਿਗਮ ਦਾ ਬੁਲਡੋਜ਼ਰ,
Publish Date: Mon, 19 Jan 2026 09:28 PM (IST)
Updated Date: Tue, 20 Jan 2026 04:19 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ, ਪੁਲਿਸ ਪ੍ਰਸ਼ਾਸਨ ਅਤੇ ਗਮਾਡਾ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਫੇਜ਼-7 ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ। ਸੋਮਵਾਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ ਇਸ 6 ਘੰਟੇ ਦੀ ਕਾਰਵਾਈ ਦੌਰਾਨ 100 ਤੋਂ ਵੱਧ ਘਰਾਂ ਦੇ ਸਾਹਮਣੇ ਅਤੇ ਬਾਜ਼ਾਰਾਂ ਦੇ ਪਿੱਛੇ ਕੀਤੇ ਗਏ ਨਾਜਾਇਜ਼ ਨਿਰਮਾਣਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2022 ਦੇ ਹੁਕਮਾਂ ਅਤੇ ਹਾਲ ਹੀ ਵਿਚ ਜਾਰੀ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ। ਪ੍ਰਸ਼ਾਸਨਿਕ ਟੀਮਾਂ ਨੇ ਘਰਾਂ ਦੇ ਅੱਗੇ ਵਧੇ ਹੋਏ ਹਿੱਸੇ, ਸ਼ੈੱਡ, ਫੁੱਟਪਾਥਾਂ ’ਤੇ ਬਣੀਆਂ ਕਿਆਰੀਆਂ, ਨਾਜਾਇਜ਼ ਪਾਰਕਿੰਗਾਂ ਅਤੇ ਹੋਰ ਕਬਜ਼ਿਆਂ ਨੂੰ ਹਟਾਇਆ। ਇਸ ਦੌਰਾਨ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਦੇ ਘਰ ਦੇ ਬਾਹਰ ਵੀ ਕਾਰਵਾਈ ਕੀਤੀ ਗਈ, ਜਿੱਥੇ ਉਨ੍ਹਾਂ ਦੇ ਪੁੱਤਰ ਵੱਲੋਂ ਵਿਰੋਧ ਵੀ ਜਤਾਇਆ ਗਿਆ। ਨਿਗਮ ਨੇ ਸਪੱਸ਼ਟ ਕੀਤਾ ਕਿ ਕਾਰਵਾਈ ਸਿਰਫ਼ ਸਰਕਾਰੀ ਜ਼ਮੀਨ ’ਤੇ ਕੀਤੇ ਕਬਜ਼ਿਆਂ ’ਤੇ ਹੋਈ ਹੈ ਅਤੇ ਘਰਾਂ ਦੇ ਅੰਦਰੂਨੀ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਜੋ ਫੇਜ਼-7 ਦੇ ਕੌਂਸਲਰ ਵੀ ਹਨ, ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਅਧਿਕਾਰੀਆਂ ਨੂੰ ਪਹਿਲਾਂ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਸੀ, ਪਰ ਕਾਰਵਾਈ ਅਚਾਨਕ ਸ਼ੁਰੂ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਦੂਜੇ ਪਾਸੇ, ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੈ। ਉਨ੍ਹਾਂ ਦੱਸਿਆ ਕਿ ਫੇਜ਼-7 ਤੋਂ ਬਾਅਦ ਹੁਣ ਫੇਜ਼-3ਬੀ2 ਦੇ ਮਾਰਕੀਟ ਇਲਾਕੇ ਵਿਚ ਕਬਜ਼ੇ ਹਟਾਏ ਜਾਣਗੇ। ਦੂਜੇ ਪਾਸੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਕਿ ਜੇਕਰ ਮੇਅਰ ਆਪਣੀ ਜ਼ਿੰਮੇਵਾਰੀ ਸਮਝਦੇ ਤਾਂ ਇਹ ਕਾਰਵਾਈ ਨਾ ਹੁੰਦੀ ਬਲਕਿ ਇਸ ਦਾ ਕੋਈ ਸਾਰਥਕ ਹੱਲ ਹੁੰਦਾ। ਲੋਕਾਂ ਦੇ ਦੋਸ਼ : ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ’ਤੇ ‘ਪੱਖਪਾਤੀ ਕਾਰਵਾਈ’ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਈ ਵੱਡੇ ਕਬਜ਼ਿਆਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਸਿਰਫ਼ ਚੋਣਵੇਂ ਘਰਾਂ ’ਤੇ ਹੀ ਬੁਲਡੋਜ਼ਰ ਚਲਾਇਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਪੂਰਵ ਸੂਚਨਾ ਦੇ ਕੀਤੀ ਗਈ ਇਸ ਕਾਰਵਾਈ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।