ਨਗਰ ਨਿਗਮ ਅਤੇ ਗਮਾਡਾ ਨੇ ਨਾਜਾਇਜ਼ ਕਬਜ਼ੇ ਹਟਾਏ
ਨਗਰ ਨਿਗਮ ਅਤੇ ਗਮਾਡਾ ਵਲੋਂ ਫੇਜ਼ 11 ਦੀ ਮਾਰਕੀਟ ਵਿੱਚ ਨਾਜਾਇਜ਼ ਕਬਜ਼ੇ ਹਟਾਏ
Publish Date: Fri, 05 Dec 2025 07:31 PM (IST)
Updated Date: Fri, 05 Dec 2025 07:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਗਰ ਨਿਗਮ ਮੁਹਾਲੀ ਵਲੋਂ ਅੱਜ ਫੇਜ਼ 11 ਦੀ ਮਾਰਕੀਟ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ। ਇਸ ਮੁਹਿੰਮ ਦੌਰਾਨ ਮਾਰਕੀਟ ਦੇ ਪਿਛਲੇ ਪਾਸੇ ਬਣੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਨਗਰ ਨਿਗਮ ਅਤੇ ਗਮਾਡਾ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ, ਸ਼ੋਅਰੂਮਾਂ ਦੇ ਪਿਛਲੇ ਪਾਸੇ ਬਣੇ ਢਾਂਚੇ ਅਤੇ ਸ਼ੈੱਡ ਤੋੜ ਦਿੱਤੇ ਅਤੇ ਹੋਰ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਵਾਇਆ। ਇਸ ਮੁਹਿੰਮ ਦੌਰਾਨ ਨਾਜਾਇਜ਼ ਕਬਜ਼ੇ ਹਟਾਉਣ ਵਾਲੇ ਅਮਲੇ ਦੀ ਸੁਰੱਖਿਆ ਲਈ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਡੀ.ਐਸ.ਪੀ. ਸਿਟੀ 2, ਹਰਸਿਮਰਨ ਸਿੰਘ ਬੱਲ, ਖੁਦ ਮੌਕੇ ਤੇ ਮੌਜੂਦ ਸਨ ਤਾਂ ਜੋ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਸਕੇ। ਪੁਲਿਸ ਫੋਰਸ ਦੀ ਮੌਜੂਦਗੀ ਕਾਰਨ ਇਹ ਕਾਰਵਾਈ ਬਿਨਾਂ ਕਿਸੇ ਰੋਕ-ਟੋਕ ਦੇ ਚਲਦੀ ਰਹੀ। ਮੁਹਿੰਮ ਦੀ ਅਗਵਾਈ ਕਰ ਰਹੇ ਨਗਰ ਨਿਗਮ ਦੇ ਸੁਪਰਡੈਂਟ ਮਨਦੀਪ ਸਿੰਘ, ਨੇ ਦੱਸਿਆ ਕਿ ਇਹ ਕਾਰਵਾਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਅਦਾਲਤੀ ਮਾਨਹਾਨੀ ਦੇ ਇੱਕ ਮਾਮਲੇ ਦੇ ਤਹਿਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਦੋ ਜੇ.ਸੀ.ਬੀ. ਮਸ਼ੀਨਾਂ (ਗਮਾਡਾ ਅਤੇ ਨਗਰ ਨਿਗਮ ਵਲੋਂ 1-1) ਤੈਨਾਤ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਅਤੇ ਗਮਾਡਾ ਵਲੋਂ ਪਹਿਲਾਂ ਇਹ ਕਾਰਵਾਈ ਫੇਜ਼ 4 ਤੋਂ ਆਰੰਭ ਕੀਤੀ ਗਈ ਸੀ, ਪਰੰਤੂ ਇਸ ਮਾਮਲੇ ਵਿੱਚ ਪੱਖਪਾਤ ਦੇ ਇਲਜ਼ਾਮ ਲੱਗਣ ਤੋਂ ਬਾਅਦ, ਹੁਣ ਇਹ ਕਾਰਵਾਈ ਇੱਕ ਸਿਰੇ (ਫੇਜ਼ 11) ਤੋਂ ਆਰੰਭ ਕੀਤੀ ਗਈ ਹੈ ਤਾਂ ਜੋ ਕਾਰਵਾਈ ਵਿੱਚ ਨਿਰਪੱਖਤਾ ਬਣੀ ਰਹੇ।