ਮੁਹਾਲੀ ਪੁਲਿਸ ਦਾ ਵਿਸ਼ੇਸ਼ 'ਕਾਸੋ' ਆਪਰੇਸ਼ਨ: ਸੈਕਟਰ 77 ਤੋਂ 8 ਸ਼ੱਕੀ ਵਿਅਕਤੀ ਹਿਰਾਸਤ ’ਚ ਲਏ, ਨਸ਼ੇ ਕਰਨ ਦੀ ਸੂਚਨਾ 'ਤੇ ਕਾਰਵਾਈ; ਕਾਬੂ ਕੀਤੇ ਚਾਰ ਪੁਰਸ਼ਾਂ ਅਤੇ ਚਾਰ ਔਰਤਾਂ ਦਾ ਡੋਪ ਟੈਸਟ ਜਾਰੀ
ਮੁਹਾਲੀ ਪੁਲਿਸ ਦਾ ਵਿਸ਼ੇਸ਼ 'ਕਾਸੋ' ਆਪਰੇਸ਼ਨ: 8 ਸ਼ੱਕੀ ਵਿਅਕਤੀ ਹਿਰਾਸਤ ’ਚ ਲਏ,
Publish Date: Tue, 18 Nov 2025 07:08 PM (IST)
Updated Date: Tue, 18 Nov 2025 07:10 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਮੰਗਲਵਾਰ ਦੁਪਹਿਰ ਵੇਲੇ ਵਿਸ਼ੇਸ਼ ਸਰਚ ਆਪਰੇਸ਼ਨ (ਕਾਸੋ-ਆਪ੍ਰੇਸ਼ਨ ਦੌਰਾਨ ਸੈਕਟਰ 77, ਹੋਮਲੈਂਡ ਦੇ ਸਾਹਮਣੇ ਵਾਲੀ ਖਾਲੀ ਥਾਂ (ਜਿੱਥੇ ਪਹਿਲਾਂ ਝੁੱਗੀਆਂ ਹੁੰਦੀਆਂ ਸਨ) ਤੋਂ 8 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਚਾਰ ਔਰਤਾਂ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ 2, ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ 77 ਦੀ ਇਸ ਖਾਲੀ ਥਾਂ ਤੇ ਨੌਜਵਾਨ ਮੁੰਡੇ-ਕੁੜੀਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਅਤੇ ਇਹ ਲੋਕ ਇੱਥੇ ਕਥਿਤ ਤੌਰ ਤੇ ਨਸ਼ੇ ਕਰਦੇ ਹਨ। -------------- ਕਾਬੂ ਕੀਤੇ ਵਿਅਕਤੀ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸਰਚ ਆਪਰੇਸ਼ਨ ਦੌਰਾਨ ਕੁੱਲ 8 ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਵਿਚ ਚਾਰ ਔਰਤਾਂ ਸਾਇਮਾ (25) ਵਾਸੀ ਬਾਰਾਮੂਲਾ ਜੰਮੂ ਕਸ਼ਮੀਰ (ਹਾਲ ਵਾਸੀ ਸੋਹਾਣਾ ਝੁੱਗੀਆਂ), ਸੁਪ੍ਰੀਤ ਕੌਰ (32) ਵਾਸੀ ਰਾਏਪੁਰ, ਮਨਪ੍ਰੀਤ ਕੌਰ (22) ਵਾਸੀ ਰੋਪੜ (ਹਾਲ ਵਾਸੀ ਝੁੱਗੀਆਂ), ਅਤੇ ਪ੍ਰਤਿਭਾ (31) ਵਾਸੀ ਕੁੱਲੂ ਹਨ, ਜਦਕਿ ਕਾਬੂ ਕੀਤੇ ਚਾਰ ਪੁਰਸ਼ਾਂ ਦੇ ਨਾਮ ਕੁਲਦੀਪ ਸਿੰਘ ਵਾਸੀ ਲਾਂਡਰਾਂ, ਵਿਸ਼ਾਲ ਕੁਮਾਰ ਵਾਸੀ ਰੇਵੜੀ, ਮਾਮਨ ਖਾਨ ਵਾਸੀ ਗੜੀ ਪੁਕਤਾ ਅਤੇ ਰਿਤੇਸ਼ ਵਾਸੀ ਯੂਪੀ (ਹਾਲ ਵਾਸੀ ਸੋਹਾਣਾ) ਹਨ। ਡੀਐੱਸਪੀ ਬੱਲ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਇਸ ਖੇਤਰ ਵਿਚੋਂ ਨਸ਼ੇੜੀਆਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਸ਼ਹਿਰ ਵਿਚ ਨਸ਼ਾਖੋਰੀ ਨੂੰ ਰੋਕਣ ਲਈ ਅਜਿਹੇ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ।