Mohali News : ਦਸਵੇਂ ਦਿਨ ਵੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਜਿਉਂ ਦੀ ਤਿਉਂ, ਮੈਡੀਕਲ ਬੁਲੇਟਿਨ ਵੀ ਹੋਇਆ ਬੰਦ
10 ਦਿਨ ਬੀਤਣ ਤੋਂ ਬਾਅਦ ਵੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਹ ਇਸ ਸਮੇਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਹਨ।
Publish Date: Mon, 06 Oct 2025 06:00 PM (IST)
Updated Date: Mon, 06 Oct 2025 06:05 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : 10 ਦਿਨ ਬੀਤਣ ਤੋਂ ਬਾਅਦ ਵੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਉਹ ਇਸ ਸਮੇਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਹਨ। ਇਸ ਦੌਰਾਨ, ਪੰਜਾਬ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਹਨ ਅਤੇ ਹਰ ਰੋਜ਼ ਉਹਨਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ।
ਬੀਤੇ ਦਿਨ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਉਨ੍ਹਾਂ ਲਈ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਜਿਸ ਵਿਚ ਰਾਜਵੀਰ ਦੀ ਮਾਤਾ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਪਹੁੰਚ ਕੇ ਅਰਦਾਸ ਕੀਤੀ। ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਇਸ ਵਿੱਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਬੀਤੀ 27 ਸਤੰਬਰ ਨੂੰ ਆਪਣੀ ਮੋਟਰਸਾਈਕਲ 'ਤੇ ਸ਼ਿਮਲਾ ਵੱਲ ਜਾਂਦਿਆਂ ਬੱਦੀ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਪਿੰਜੌਰ-ਨਾਲਾਗੜ੍ਹ ਸੜਕ 'ਤੇ ਅਚਾਨਕ ਸੜਕ 'ਤੇ ਦੋ ਲੜਾਕੂ ਬਲਦਾਂ ਨੂੰ ਬਚਾਉਣ ਦੀ ਕੋਸ਼ਿਸ ਕਰਦੇ ਹੋਏ ਜਵੰਦਾ ਦੀ ਮੋਟਰ ਸਾਈਕਲ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਟਕਰਾ ਗਈ ਸੀ। ਹਾਦਸੇ ਤੋਂ ਬਾਅਦ, ਉਨ੍ਹਾਂ ਨੂੰ ਪਹਿਲਾਂ ਪੰਚਕੂਲਾ ਲਿਜਾਇਆ ਗਿਆ ਅਤੇ ਫਿਰ, ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ, ਤਾਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਦਿਮਾਗ ਤੱਕ ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਵੰਦਾ ਦੇ ਦਾਖਲੇ ਤੋਂ ਬਾਅਦ ਹਸਪਤਾਲ ਨੇ 27 ਸਤੰਬਰ ਤੋਂ 3 ਅਕਤੂਬਰ ਤੱਕ ਰੋਜ਼ਾਨਾ ਮੈਡੀਕਲ ਬੁਲੇਟਿਨ ਜਾਰੀ ਕੀਤੇ ਸਨ। ਇਸ ਤੋਂ ਬਾਅਦ,ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਾ ਦੀ ਹਾਲਤ ਉਹੀ ਰਹੀ ਅਤੇ ਉਨ੍ਹਾਂ ਕੋਲ ਰਿਪੋਰਟ ਕਰਨ ਲਈ ਕੁਝ ਨਹੀਂ ਹੈ। ਨਤੀਜੇ ਵਜੋਂ, ਰੋਜ਼ਾਨਾ ਮੈਡੀਕਲ ਬੁਲੇਟਿਨ ਬੰਦ ਕੀਤਾ ਗਿਆ ਹੈ।