ਸੈਕਟਰ-79, ਸੋਹਾਣਾ ਵਿਖੇ 15 ਦਸੰਬਰ 2025 ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ’ਤੇ ਗੋਲ਼ੀਆਂ ਚਲਾ ਕੇ ਕੀਤੇ ਗਏ ਕਤਲ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੈਕਟਰ-79, ਸੋਹਾਣਾ ਵਿਖੇ 15 ਦਸੰਬਰ 2025 ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ’ਤੇ ਗੋਲ਼ੀਆਂ ਚਲਾ ਕੇ ਕੀਤੇ ਗਏ ਕਤਲ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ, ਐੱਸਏਐੱਸ ਨਗਰ ਹਰਮਨਦੀਪ ਸਿੰਘ ਹਾਂਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੌਨੀ ਬਲ ਅਤੇ ਅਮਰਜੀਤ ਸਿੰਘ ਉਰਫ਼ ਖੱਬਾ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਤਿੰਨ ਦੋਸ਼ੀਆਂ (ਦੋ ਸ਼ੂਟਰਾਂ ਸਮੇਤ) ਨੂੰ ਹਾਵੜਾ ਰੇਲਵੇ ਸਟੇਸ਼ਨ, ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਏਜੀਟੀਐੱਫ ਅਤੇ ਜ਼ਿਲ੍ਹਾ ਪੁਲਿਸ ਮੁਹਾਲੀ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ ਅਤੇ ਤਕਨੀਕੀ ਵਿਸ਼ਲੇਸ਼ਣ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੈਕ ਕਰਕੇ ਕਾਬੂ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਦਾ ਵੇਰਵਾ
ਕਰਨ ਪਾਠਕ ਉਰਫ਼ ਕਰਨ ਡਿਫਾਲਟਰ, ਪੁੱਤਰ ਦਿਨੇਸ਼ ਪਾਠਕ, ਵਾਸੀ ਗਲੀ ਤੇਲੀਆਂ ਵਾਲੀ, ਨਿਮਾਲ ਮੰਡੀ, ਅੰਮ੍ਰਿਤਸਰ (ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਨਾਲ ਸਬੰਧ) 'ਤੇ ਥਾਣਾ ਡਿਵੀਜ਼ਨ-ਬੀ, ਅੰਮ੍ਰਿਤਸਰ ਵਿਚ ਲੜਾਈ-ਝਗੜੇ ਦੇ ਦੋ ਕੇਸ ਦਰਜ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਨੇ ਆਦਿਤਿਆ ਉਰਫ਼ ਮੱਖਣ ਨਾਲ ਮਿਲ ਕੇ ਰਾਣਾ ਬਲਾਚੌਰੀਆ ’ਤੇ ਗੋਲ਼ੀਆਂ ਚਲਾਈਆਂ।
ਤਰਨਦੀਪ ਸਿੰਘ, ਪੁੱਤਰ ਜਸਵਿੰਦਰ ਸਿੰਘ, ਵਾਸੀ ਪਿੰਡ ਬਾੜੇਵਾਲ, ਥਾਣਾ ਸਰਾਭਾ ਨਗਰ, ਜ਼ਿਲ੍ਹਾ ਲੁਧਿਆਣਾ 'ਤੇ ਥਾਣਾ ਏਅਰੋ ਸਿਟੀ, ਮੁਹਾਲੀ ਵਿਖੇ ਆਰਮਜ਼ ਐਕਟ ਅਧੀਨ ਕੇਸ ਦਰਜ ਹੈ। ਵਾਰਦਾਤ ਸਮੇਂ ਮੋਟਰਸਾਈਕਲ ਨਾਲ ਮੌਕੇ ’ਤੇ ਮੌਜੂਦ ਸੀ ਅਤੇ ਵਾਰਦਾਤ ਉਪਰੰਤ ਸ਼ੂਟਰਾਂ ਨੂੰ ਭਜਾਉਣ ਵਿਚ ਮਦਦ ਕੀਤੀ।
ਸੁਖਸ਼ੇਰਪਾਲ ਸਿੰਘ ਉਰਫ਼ ਆਕਾਸ਼ ਉੱਪਲ, ਪੁੱਤਰ ਬਖ਼ਸ਼ੀਸ਼ ਸਿੰਘ, ਵਾਸੀ ਪਿੰਡ ਉੱਪਲ, ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ, ਜੋਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਜ਼ਬਰਦਸਤੀ ਵਸੂਲੀ ਦੇ ਮਾਮਲਿਆਂ ਵਿਚ ਲੋੜੀਂਦਾ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਗੈਂਗਸਟਰ ਅਮਰਜੀਤ ਸਿੰਘ ਉਰਫ਼ ਖੱਬਾ ਦਾ ਮਾਮਾ ਹੈ ਅਤੇ ਸਾਜ਼ਿਸ਼ ਅਤੇ ਰੈਕੀ ਵਿਚ ਅਹਿਮ ਭੂਮਿਕਾ ਨਿਭਾਈ।
ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਦੋਸ਼ੀ ਵਿਦੇਸ਼ ਬੈਠੇ ਗੈਂਗਸਟਰਾਂ ਡੌਨੀ ਬਲ ਅਤੇ ਅਮਰ ਖੱਬੇ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਕਹਿਣ ’ਤੇ ਕਤਲ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਰਾਣਾ ਬਲਾਚੌਰੀਆ ਦੇ ਕਤਲ ਦੀ ਸਾਜ਼ਿਸ਼ ਅਕਤੂਬਰ 2025 ਵਿਚ ਰਚੀ ਗਈ। ਅਕਤੂਬਰ ਤੋਂ ਵਾਰਦਾਤ ਤੱਕ ਦੋਸ਼ੀ ਚੰਡੀਗੜ੍ਹ, ਕਾਲਕਾ, ਜ਼ੀਰਕਪੁਰ ਅਤੇ ਖਰੜ ਦੇ ਵੱਖ-ਵੱਖ ਹੋਟਲਾਂ ਵਿਚ ਰਹਿੰਦੇ ਰਹੇ।
ਪਹਿਲਾਂ ਗ੍ਰਿਫ਼ਤਾਰ ਦੋਸ਼ੀਆਂ ਦਾ ਵੇਰਵਾ
ਐਸ਼ਦੀਪ ਸਿੰਘ ਪੁੱਤਰ ਮਨਧੀਰ ਸਿੰਘ, ਵਾਸੀ ਪਿੰਡ ਨੌਸ਼ਹਿਰਾ ਪਨੂੰਆਂ, ਥਾਣਾ ਸਰਹਾਲੀ, ਜ਼ਿਲ੍ਹਾ ਤਰਨ ਤਾਰਨ।
ਹਰਪਿੰਦਰ ਸਿੰਘ ਉਰਫ਼ ਮਿੱਡੀ, ਪੁੱਤਰ ਜਸਪਾਲ ਸਿੰਘ, ਵਾਸੀ ਪਿੰਡ ਨੌਸ਼ਹਿਰਾ ਪਨੂੰਆਂ, ਥਾਣਾ ਸਰਹਾਲੀ, ਜ਼ਿਲ੍ਹਾ ਤਰਨ ਤਾਰਨ,
(ਲਾਲੜੂ ਇਲਾਕੇ ਵਿਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ)।
ਜੁਗਰਾਜ ਸਿੰਘ ਉਰਫ਼ ਜੱਗਾ, ਹਰਪਿੰਦਰ ਸਿੰਘ ਵਾਸੀ ਛਾਪਿਆਂਵਾਲੀ, ਥਾਣਾ ਬਿਆਸ, ਅੰਮ੍ਰਿਤਸਰ।
ਮਨਦੀਪ ਸਿੰਘ ਉਰਫ਼ ਮੋਟਾ ਪੁੱਤਰ ਭਗਵੰਤ ਸਿੰਘ ਵਾਸੀ ਮੀਰਾਕੋਟ ਚੌਕ, ਖਹਿਰਾਬਾਦ ਰੋਡ ਗੁਮਟਾਲਾ ਚੌਕ, ਥਾਣਾ ਕੰਬੋਅ, ਜ਼ਿਲ੍ਹਾ ਅੰਮ੍ਰਿਤਸਰ।
ਦਵਿੰਦਰ ਸਿੰਘ ਉਰਫ਼ ਟਿੰਕਾ, ਵਾਸੀ ਮਹਾਂਦੇਵ ਕਾਲੋਨੀ, ਰਾਮਪੁਰ ਸਿਉਰੀ, ਥਾਣਾ ਪਿੰਜੌਰ, ਜ਼ਿਲ੍ਹਾ ਪੰਚਕੂਲਾ, ਹਰਿਆਣਾ। (ਕੈਬ ਡਰਾਈਵਰ, ਲਾਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲਾ)। ਇਹ ਦੋਸ਼ੀ ਨਵੰਬਰ ਦੇ ਅਖ਼ੀਰ ਵਿਚ ਇਨ੍ਹਾਂ ਦੋਸ਼ੀਆਂ ਦੇ ਸੰਪਰਕ ਵਿਚ ਆਇਆ ਸੀ। ਇਸ ਨੂੰ ਉਕਤ ਵਾਰਦਾਤ ਸਬੰਧੀ ਸਾਰੀ ਜਾਣਕਾਰੀ ਸੀ। ਇਹ ਦੋਸ਼ੀਆਂ ਨੂੰ ਸਥਾਨਕ ਪੱਧਰ 'ਤੇ ਹਰ ਪ੍ਰਕਾਰ ਦੀ ਮਦਦ ਕਰਦਾ ਸੀ ਅਤੇ ਵਿਦੇਸ਼ ਵਿਚੋਂ ਭੇਜੀ ਜਾਂਦੀ ਰਕਮ ਵੀ ਦੋਸ਼ੀ ਦਵਿੰਦਰ ਸਿੰਘ ਦੇ ਖਾਤੇ ਵਿਚ ਆਉਂਦੀ ਸੀ। ਦੋਸ਼ੀ ਦਵਿੰਦਰ ਸਿੰਘ ਹੀ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੂੰ ਪਿੰਡ ਰਾਏਪੁਰ ਕਲਾਂ ਤੋਂ ਲੈ ਕੇ ਸੋਨੀਪਤ ਹਰਿਆਣਾ ਛੱਡ ਕੇ ਆਇਆ ਸੀ।
ਗਗਨਦੀਪ ਸਿੰਘ ਉਰਫ਼ ਕਰਨ ਸੋਹਲ ਪੁੱਤਰ ਸਵ. ਦਲਵਿੰਦਰ ਸਿੰਘ, ਵਾਸੀ ਵਡਾਲਾ ਕਾਲੋਨੀ ਜਲੰਧਰ।
ਐੱਸਐੱਸਪੀ ਨੇ ਅੱਗੇ ਦੱਸਿਆ ਕਿ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਉਸਦੇ ਕੁਝ ਸਾਥੀ ਅਜੇ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ’ਤੇ ਪਹਿਲਾਂ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦੋਸ਼ੀ ਕਾਮਯਾਬ ਨਹੀਂ ਹੋ ਸਕੇ।