Mohali News : ਮਾਮੂਲੀ ਤਕਰਾਰ ਤੋਂ ਬਾਅਦ ਗੋਲ਼ੀਆਂ ਚਲਾਉਣ ਵਾਲਾ ਮੁਲਜ਼ਮ ਅਸਲੇ ਸਮੇਤ ਗ੍ਰਿਫ਼ਤਾਰ, ਇਕ ਵਿਅਕਤੀ ਦੀ ਹੋਈ ਸੀ ਮੌਤ
ਮੁਹਾਲੀ ਦੇ ਢਕੌਲੀ ਖੇਤਰ ਵਿਚ ਗੱਡੀਆਂ ਦੀ ਓਵਰਟੇਕਿੰਗ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਵਿਅਕਤੀ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖ਼ਮੀ ਹੋਇਆ ਸੀ। ਗੋਲ਼ੀਆਂ ਚਲਾਉਣ ਵਾਲੇ ਨੂੰ ਕੁਝ ਘੰਟਿਆਂ ਵਿਚ ਹੀ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
Publish Date: Mon, 02 Feb 2026 07:18 PM (IST)
Updated Date: Mon, 02 Feb 2026 07:20 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਢਕੌਲੀ ਖੇਤਰ ਵਿਚ ਗੱਡੀਆਂ ਦੀ ਓਵਰਟੇਕਿੰਗ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਵਿਅਕਤੀ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖ਼ਮੀ ਹੋਇਆ ਸੀ। ਗੋਲ਼ੀਆਂ ਚਲਾਉਣ ਵਾਲੇ ਨੂੰ ਕੁਝ ਘੰਟਿਆਂ ਵਿਚ ਹੀ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸਪੀ (ਰੂਲਰ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸਿਮਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਢਕੌਲੀ ਆਪਣੇ ਥਾਣਾ ਏਰੀਆ ਵਿਚ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਿਹਾ ਸੀ, ਤਾਂ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਥਾਣੇ ਦੇ ਏਰੀਏ ਵਿਚ ਇਕ ਵਿਅਕਤੀ ਵੱਲੋਂ 2 ਵਿਅਕਤੀਆਂ ’ਤੇ ਗੋਲ਼ੀਆਂ ਚਲਾਈਆਂ ਗਈਆਂ ਹਨ।
ਸੂਚਨਾ ਮਿਲਣ ’ਤੇ ਉੱਚ ਅਫ਼ਸਰਾਂ ਨਾਲ ਗੱਲਬਾਤ ਕਰਕੇ ਮੁਲਜ਼ਮ ਕੁਲਦੀਪ ਸਿੰਘ ਦੀ ਭਾਲ ਸ਼ੁਰੂ ਕੀਤੀ ਤੇ ਜ਼ਖ਼ਮੀ ਵਿਅਕਤੀਆਂ ਨੂੰ ਮੌਕੇ ’ਤੇ ਪਹੁੰਚ ਕੇ ਪੁਲਿਸ ਵੱਲੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਇਕ ਵਿਅਕਤੀ ਪ੍ਰਿੰਸ ਕੁਮਾਰ ਵਾਸੀ ਪੰਚਕੂਲਾ ਦੀ ਮੌਕੇ ’ਤੇ ਮੌਤ ਹੋ ਚੁੱਕੀ ਸੀ ਤੇ ਦੂਜੇ ਵਿਅਕਤੀ ਭਾਰਤ ਭੂਸ਼ਣ ਵਾਸੀ ਕਿਸ਼ਨਪੁਰਾ ਦੇ ਬਿਆਨ ’ਤੇ ਕੁਲਦੀਪ ਸਿੰਘ ਵਾਸੀ ਕਿਸ਼ਨਪੁਰਾ ’ਤੇ ਮੁਕੱਦਮਾ ਆਰਮਜ਼ ਐਕਟ ਥਾਣਾ ਢਕੌਲੀ ਦਰਜ ਕੀਤਾ ਗਿਆ।
ਇਸ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕੁਲਦੀਪ ਸਿੰਘ ਬਾਊਂਸਰ ਦਾ ਕੰਮ ਕਰਦਾ ਹੈ, ਤੇ ਜਿਸ ਨਾਲ ਮ੍ਰਿਤਕ ਵਿਅਕਤੀ ਪ੍ਰਿੰਸ ਤੇ ਭਾਰਤ ਭੂਸ਼ਨ ਦੀ ਤਕਰਾਰਬਾਜ਼ੀ ਹੋ ਗਈ ਤਾਂ ਤਹਿਸ਼ ਵਿਚ ਆ ਕੇ ਕੁਲਦੀਪ ਸਿੰਘ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਦੋਵਾਂ ’ਤੇ ਗੋਲ਼ੀਆਂ ਨਾਲ ਹਮਲਾ ਕੀਤਾ।
ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀਆਂ ਨੇ ਮੁਸ਼ਤੈਦੀ ਨਾਲ 5-6 ਘੰਟੇ ਵਿਚ ਖ਼ੁਫ਼ੀਆ ਸੋਰਸ ਕਾਇਮ ਕਰਕੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤਰੀਕੇ ਰਾਹੀਂ ਮੁਲਜ਼ਮ ਕੁਲਦੀਪ ਸਿੰਘ ਨੂੰ ਰਾਊਂਡਅੱਪ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤੇ ਮੁਲਜ਼ਮ ਦੇ ਕਬਜ਼ੇ ਵਿਚੋਂ ਉਸ ਦਾ ਲਾਇਸੈਂਸੀ ਰਿਵਾਲਵਰ ਪੁਆਇੰਟ 32 ਬੋਰ ਬਰਾਮਦ ਕੀਤਾ ਗਿਆ ਤੇ ਮੁਲਜ਼ਮ ਦੇ ਅਸਲਾ ਲਾਇਸੈਂਸ ਨੂੰ ਰੱਦ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਹੈ।