ਸਫ਼ਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ
ਮੁਹਾਲੀ ਨਗਰ ਨਿਗਮ ਦੇ ਅਧਿਕਾਰੀ ’ਤੇ ਯੂਨੀਅਨ ਆਗੂਆਂ ਨਾਲ ਦੁਰਵਿਹਾਰ ਦਾ ਦੋਸ਼
Publish Date: Sun, 25 Jan 2026 05:59 PM (IST)
Updated Date: Sun, 25 Jan 2026 06:01 PM (IST)
- ਨਿਗਮ ਅਧਿਕਾਰੀ ’ਤੇ ਯੂਨੀਅਨ ਆਗੂਆਂ ਨਾਲ ਦੁਰਵਿਹਾਰ ਦਾ ਦੋਸ਼
- ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਘਿਰਾਓ ਦੀ ਤਿਆਰੀ, ਐੱਸਸੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਨੇ ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ’ਤੇ ਯੂਨੀਅਨ ਆਗੂਆਂ ਨਾਲ ਬਦਸਲੂਕੀ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਸ਼ਹਿਰ ਵਿਚ ਅਣਮਿੱਥੇ ਸਮੇਂ ਲਈ ਸਫ਼ਾਈ ਦਾ ਕੰਮ ਠੱਪ ਕਰਨ ਅਤੇ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਅਤੇ ਆਗੂ ਮੋਹਣ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਝੰਡਾ ਲਹਿਰਾਉਣ ਆ ਰਹੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਪ੍ਰਸ਼ਾਸਨ ਨੇ ਬੈਠਕ ਸੱਦੀ ਸੀ, ਜਿਸ ਵਿਚ ਇਹ ਕੜਵਾਹਟ ਪੈਦਾ ਹੋਈ। ਬੈਠਕ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਪਵਨ ਗੋਡਯਾਲ ਨੇ ਦੱਸਿਆ ਕਿ ਸੰਯੁਕਤ ਕਮਿਸ਼ਨਰ ਨੇ ਬੈਠਕ ਦੌਰਾਨ ਯੂਨੀਅਨ ਆਗੂਆਂ ਦੇ ਕੱਪੜਿਆਂ 'ਤੇ ਨਿੱਜੀ ਟਿੱਪਣੀਆਂ ਕੀਤੀਆਂ ਅਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਆਗੂਆਂ ਨੇ ਕਿਹਾ ਕਿ "ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਨੂੰ ਲਾਗੂ ਹੋਏ 76 ਸਾਲ ਹੋ ਗਏ ਹਨ, ਪਰ ਅੱਜ ਵੀ ਉੱਚ ਅਧਿਕਾਰੀ ਦਲਿਤਾਂ ਅਤੇ ਅੰਬੇਡਕਰਵਾਦੀ ਸੋਚ ਰੱਖਣ ਵਾਲੇ ਆਗੂਆਂ ਨਾਲ ਦੁਰਵਿਹਾਰ ਕਰ ਰਹੇ ਹਨ। ਇਹ ਸਮੁੱਚੇ ਦਲਿਤ ਵਰਗ ਦਾ ਅਪਮਾਨ ਹੈ।
ਸ਼ਹਿਰ ਦੀ ਸਫ਼ਾਈ ਵਿਵਸਥਾ ਰਹੇਗੀ ਠੱਪ : ਇਸ ਘਟਨਾ ਤੋਂ ਬਾਅਦ ਵਾਲਮੀਕਿ ਸਮਾਜ ਅਤੇ ਸਫ਼ਾਈ ਸੇਵਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਰੋਧ ਵਜੋਂ ਸਫ਼ਾਈ ਸੇਵਕਾਂ ਅਤੇ ਡੋਰ-ਟੂ-ਡੋਰ ਕੂੜਾ ਚੁੱਕਣ ਵਾਲੇ ਗਾਰਬੇਜ ਕਲੈਕਟਰਾਂ ਨੇ ਕੰਮ ਬੰਦ ਕਰ ਦਿੱਤਾ ਹੈ ਅਤੇ ਪਰਿਵਾਰਾਂ ਸਮੇਤ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਕੈਬਨਿਟ ਮੰਤਰੀ ਦੇ ਘੇਰਾਓ ਦਾ ਪ੍ਰੋਗਰਾਮ ਜਾਰੀ ਰਹੇਗਾ। ਇਸ ਮੌਕੇ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਫ਼ਾਈ ਸੇਵਕਾਂ ਦੀਆਂ ਪੈਂਡਿੰਗ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਯੂਨੀਅਨ ਆਗੂਆਂ ਨਾਲ ਬਦਸਲੂਕੀ ਕਰਨ ਵਾਲੇ ਸੰਯੁਕਤ ਕਮਿਸ਼ਨਰ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤਕ ਇਨਸਾਫ਼ ਨਹੀਂ ਮਿਲਦਾ, ਹੜਤਾਲ ਜਾਰੀ ਰਹੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਮੁਹਾਲੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਹ ਮਾਮਲਾ ਹੁਣ ਪੰਜਾਬ ਰਾਜ ਐੱਸਸੀ ਕਮਿਸ਼ਨ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਧਿਆਨ ਵਿਚ ਵੀ ਲਿਆਂਦਾ ਜਾ ਰਿਹਾ ਹੈ।