ਮੁਹਾਲੀ ਨਗਰ ਨਿਗਮ ਦਾ ਡਿਫਾਲਟਰਾਂ ਨੂੰ ਅਲਟੀਮੇਟਮ: 3 ਦਿਨਾਂ 'ਚ ਟੈਕਸ ਨਾ ਭਰਿਆ ਤਾਂ ਜਾਇਦਾਦਾਂ ਹੋਣਗੀਆਂ ਸੀਲ!
ਨਗਰ ਨਿਗਮ ਮੁਹਾਲੀ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਨਿਗਮ ਨੇ ਸ਼ਹਿਰ ਦੇ ਲਗਭਗ 7,100 ਡਿਫਾਲਟਰਾਂ ਨੂੰ ਸਿਰਫ਼ 3 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਇਸ ਸਮੇਂ ਦੌਰਾਨ ਬਕਾਇਆ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ, ਤਾਂ ਬਿਨਾਂ ਕਿਸੇ ਹੋਰ ਸੂਚਨਾ ਦੇ ਸਬੰਧਤ ਸ਼ੋਅਰੂਮਾਂ, ਫੈਕਟਰੀਆਂ ਅਤੇ ਕੰਪਨੀਆਂ ਨੂੰ ਸੀਲ ਕਰ ਦਿੱਤਾ ਜਾਵੇਗਾ।
Publish Date: Fri, 02 Jan 2026 10:56 AM (IST)
Updated Date: Fri, 02 Jan 2026 10:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਗਰ ਨਿਗਮ ਮੁਹਾਲੀ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਨਿਗਮ ਨੇ ਸ਼ਹਿਰ ਦੇ ਲਗਭਗ 7,100 ਡਿਫਾਲਟਰਾਂ ਨੂੰ ਸਿਰਫ਼ 3 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਇਸ ਸਮੇਂ ਦੌਰਾਨ ਬਕਾਇਆ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ, ਤਾਂ ਬਿਨਾਂ ਕਿਸੇ ਹੋਰ ਸੂਚਨਾ ਦੇ ਸਬੰਧਤ ਸ਼ੋਅਰੂਮਾਂ, ਫੈਕਟਰੀਆਂ ਅਤੇ ਕੰਪਨੀਆਂ ਨੂੰ ਸੀਲ ਕਰ ਦਿੱਤਾ ਜਾਵੇਗਾ।
ਨਿਗਮ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਡਿਫਾਲਟਰਾਂ ਦੀ ਸੂਚੀ ਵਿਚ ਸਿਰਫ਼ ਆਮ ਲੋਕ ਹੀ ਨਹੀਂ, ਸਗੋਂ ਕਈ ਵੱਡੇ ਉਦਯੋਗਪਤੀ ਵੀ ਸ਼ਾਮਲ ਹਨ।
ਉਦਯੋਗਿਕ ਇਕਾਈਆਂ: ਲਗਭਗ 300 ਮਾਲਕ।
ਵਪਾਰਕ (ਕਮਰਸ਼ੀਅਲ) ਇਕਾਈਆਂ: ਲਗਭਗ 800 ਮਾਲਕ।
ਪਿੰਡਾਂ ਦੇ ਵਸਨੀਕ: ਸੋਹਾਣਾ ਅਤੇ ਕੁੰਬੜਾ (2017 ਤੋਂ ਬਕਾਇਆ) ਅਤੇ ਮਦਨਪੁਰ, ਮੁਹਾਲੀ, ਸ਼ਾਹੀਮਾਜਰਾ (2013 ਤੋਂ ਬਕਾਇਆ) ਦੇ ਲਗਭਗ 6,000 ਲੋਕ।
ਜ਼ੁਰਮਾਨਾ ਅਤੇ ਵਿਆਜ਼ ਦੀ ਮਾਰ:
ਡਿਫਾਲਟਰਾਂ ਨੂੰ ਹੁਣ ਟੈਕਸ ਦੀ ਮੂਲ ਰਕਮ ਦੇ ਨਾਲ-ਨਾਲ 20 ਫ਼ੀਸਦੀ ਜ਼ੁਰਮਾਨਾ ਅਤੇ 1 ਅਪ੍ਰੈਲ 2014 ਤੋਂ ਹੁਣ ਤੱਕ ਦਾ 18 ਫ਼ੀਸਦੀ ਵਿਆਜ਼ ਵੀ ਭਰਨਾ ਪਵੇਗਾ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਾਇਦਾਦ ਸੀਲ ਹੋਣ ਤੋਂ ਬਾਅਦ ਅੰਦਰ ਰੱਖੇ ਸਾਮਾਨ ਜਾਂ ਸਟਾਕ ਦੇ ਨੁਕਸਾਨ ਦੀ ਜ਼ਿੰਮੇਵਾਰੀ ਖ਼ੁਦ ਮਾਲਕ ਦੀ ਹੋਵੇਗੀ ਅਤੇ ਬਕਾਇਆ ਵਸੂਲੀ ਲਈ ਸਾਮਾਨ ਦੀ ਨਿਲਾਮੀ ਵੀ ਕੀਤੀ ਜਾ ਸਕਦੀ ਹੈ।
ਟੈਕਸ ਜਮ੍ਹਾ ਕਰਵਾਉਣ ਦੇ ਤਰੀਕੇ:
ਨਿਗਮ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਟੈਕਸ ਨਗਰ ਨਿਗਮ ਦਫ਼ਤਰ (ਸੈਕਟਰ-68) ਵਿਖੇ ਜਾਂ "ਐੱਮ- ਸੇਵਾ" ਐੱਪ ਰਾਹੀਂ ਆਨਲਾਈਨ ਤੁਰੰਤ ਜਮ੍ਹਾ ਕਰਵਾਇਆ ਜਾਵੇ। ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ ਸਰਕਾਰੀ ਸੰਸਥਾਵਾਂ ਸਮੇਂ ਸਿਰ ਟੈਕਸ ਭਰ ਰਹੀਆਂ ਹਨ।