ਮੁਹਾਲੀ ਨਗਰ ਨਿਗਮ ਚੋਣ 2026 : ਅਕਾਲੀ ਦਲ ਨੂੰ ਸ਼ਹਿਰ 'ਚ ਪੂਰੇ ਉਮੀਦਵਾਰ ਵੀ ਨਹੀਂ ਮਿਲੇ, ਲੋਕਲ ਲੀਡਰਸ਼ਿਪ 'ਚ ਧੜੇਬੰਦੀ ਭਾਰੂ
ਪਾਰਟੀ ਸੂਤਰਾਂ ਅਨੁਸਾਰ ਕਈ ਆਗੂ ਹਾਈ ਕਮਾਂਡ ਨੂੰ ਸਪੱਸ਼ਟ ਰੂਪ 'ਚ ਕਹਿ ਚੁੱਕੇ ਹਨ। ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਕਬੂਲ ਨਹੀਂ ਹੈ।
Publish Date: Sun, 17 May 2026 04:43 PM (IST)
Updated Date: Sun, 17 May 2026 04:46 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨਗਰ ਨਿਗਮ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹਿਰ 'ਚ ਪੂਰੇ ਵਾਰਡਾਂ ਲਈ ਯੋਗ ਉਮੀਦਵਾਰ ਵੀ ਨਹੀਂ ਮਿਲੇ ਹਨ। ਅਕਾਲੀ ਦਲ ਨੇ 43 ਉਮੀਦਵਾਰ ਐਲਾਨੇ ਹਨ ਤੇ ਸੱਤ ਵਾਰਡਾਂ 'ਚ ਅਕਾਲੀ ਦਲ ਦਾ ਕੋਈ ਉਮੀਦਵਾਰ ਨਹੀਂ ਹੈ। ਜਦਕਿ ਭਾਜਪਾ ਨੇ 49 ਵਾਰਡਾਂ ਲਈ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ। ਅਕਾਲੀ ਦਲ, ਭਾਜਪਾ ਤੋਂ ਪਿੱਛੇ ਰਹਿ ਗਿਆ ਹੈ।
ਦੂਜੇ ਪਾਸੇ ਅਕਾਲੀ ਦਲ ਨੂੰ ਸਥਾਨਕ ਲੀਡਰਸ਼ਿਪ 'ਚ ਵੱਡੇ ਪੱਧਰ 'ਤੇ ਆਪਸੀ ਮਤਭੇਦ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਆਗੂ ਖੁੱਲ੍ਹ ਕੇ ਇਕ ਦੂਜੇ ਨਾਲ ਨਹੀਂ ਚੱਲ ਰਹੇ। ਸੀਨੀਅਰ ਆਗੂ ਦਾ ਇਕ ਟੋਲਾ ਆਪਣਾ ਵੱਖਰਾ ਧੜਾ ਬਣਾ ਕੇ ਵਿਚਰ ਰਿਹਾ ਹੈ।
ਪਾਰਟੀ ਸੂਤਰਾਂ ਅਨੁਸਾਰ ਕਈ ਆਗੂ ਹਾਈ ਕਮਾਂਡ ਨੂੰ ਸਪੱਸ਼ਟ ਰੂਪ 'ਚ ਕਹਿ ਚੁੱਕੇ ਹਨ। ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਕਬੂਲ ਨਹੀਂ ਹੈ।
ਇਸ ਸਬੰਧੀ ਸੰਪਰਕ ਕਰਨ 'ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁਹਾਲੀ 'ਚ ਪਾਰਟੀ ਦੇ 43 ਉਮੀਦਵਾਰ ਚੋਣ ਲੜ ਰਹੇ ਹਨ। ਜਦੋਂ ਉਨ੍ਹਾਂ ਵਾਰਡਾਂ 'ਚ ਉਮੀਦਵਾਰ ਖੜ੍ਹੇ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੇ 43 ਉਮੀਦਵਾਰਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੈ ਜਦਕਿ ਬਾਕੀ ਰਹਿੰਦੇ ਵਾਰਡਾਂ 'ਚ ਅਕਾਲੀ ਦਲ ਆਜ਼ਾਦ ਉਮੀਦਵਾਰਾਂ ਦੀ ਮਦਦ ਕਰੇਗਾ।
ਸਥਾਨਕ ਲੀਡਰਸ਼ਿਪ 'ਚ ਮਤਭੇਦ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। "ਅਸੀਂ ਸਾਰੇ ਇਕ ਹਾਂ ਅਤੇ ਮਿਲ ਕੇ ਚੋਣਾਂ ਲੜ ਰਹੇ ਹਾਂ।"
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਜਿਹੜਾ ਉਨ੍ਹਾਂ ਦਾ ਵਿਰੋਧ ਕਰ ਰਿਹਾ ਹੈ ਜਾਂ ਕਰੇਗਾ ਤਾਂ ਇਹ ਸਮਝਿਆ ਜਾਵੇਗਾ ਕਿ ਉਹ ਪਾਰਟੀ ਦਾ ਵਿਰੋਧ ਕਰ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਚੋਣ ਨਤੀਜੇ ਬਹੁਤ ਵਧੀਆ ਆਉਣਗੇ।