ਮੁਹਾਲੀ ਅਦਾਲਤ ਦਾ ਵੱਡਾ ਫ਼ੈਸਲਾ: ਨਸ਼ਾ ਤਸਕਰੀ ਦੀ ਕਮਾਈ ਨੂੰ ਮੰਨਿਆ ‘ਅਪਰਾਧ ਦੀ ਕਮਾਈ’, ਮਨੀ ਲਾਂਡਰਿੰਗ ਕੇਸ 'ਚ ਮੁਲਜ਼ਮ ਬਲਵਿੰਦਰ ਰਾਮ ਤਲਬ
ਈਡੀ ਨੇ ਇਹ ਸ਼ਿਕਾਇਤ ਮਨੀ ਲਾਂਡਰਿੰਗ ਐਕਟ ਦੀ ਧਾਰਾ 3 ਅਤੇ 4 ਤਹਿਤ ਦਾਇਰ ਕੀਤੀ ਸੀ। ਅਦਾਲਤ ਨੇ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਦਾ ਹਵਾਲਾ ਦਿੰਦਿਆਂ ਪਹਿਲਾਂ ਮੁਲਜ਼ਮ ਨੂੰ ਨੋਟਿਸ ਜਾਰੀ ਕੀਤਾ ਸੀ। ਨੋਟਿਸ ਤੋਂ ਬਾਅਦ ਬਲਵਿੰਦਰ ਰਾਮ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਪੇਸ਼ ਹੋਇਆ।
Publish Date: Fri, 22 May 2026 09:10 AM (IST)
Updated Date: Fri, 22 May 2026 09:14 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਨਸ਼ਾ ਤਸਕਰੀ ਨਾਲ ਕਮਾਏ ਪੈਸੇ ਨੂੰ ਲੈ ਕੇ ਈਡੀ ਵੱਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਮੁਲਜ਼ਮ ਬਲਵਿੰਦਰ ਰਾਮ ਖ਼ਿਲਾਫ਼ ਮਾਮਲੇ ਦਾ ਨੋਟਿਸ ਲੈਂਦਿਆਂ ਉਸ ਨੂੰ ਤਲਬ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਬਦਲੇ ਮਿਲੀ ਰਕਮ ‘ਅਪਰਾਧ ਦੀ ਕਮਾਈ’ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਹੁਣ ਮਾਮਲੇ ਵਿੱਚ 29 ਜੁਲਾਈ ਨੂੰ ਦੋਸ਼ ਤੈਅ ਕਰਨ ਸਬੰਧੀ ਬਹਿਸ ਹੋਵੇਗੀ।
ਈਡੀ ਨੇ ਇਹ ਸ਼ਿਕਾਇਤ ਮਨੀ ਲਾਂਡਰਿੰਗ ਐਕਟ ਦੀ ਧਾਰਾ 3 ਅਤੇ 4 ਤਹਿਤ ਦਾਇਰ ਕੀਤੀ ਸੀ। ਅਦਾਲਤ ਨੇ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਦਾ ਹਵਾਲਾ ਦਿੰਦਿਆਂ ਪਹਿਲਾਂ ਮੁਲਜ਼ਮ ਨੂੰ ਨੋਟਿਸ ਜਾਰੀ ਕੀਤਾ ਸੀ। ਨੋਟਿਸ ਤੋਂ ਬਾਅਦ ਬਲਵਿੰਦਰ ਰਾਮ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਪੇਸ਼ ਹੋਇਆ।
ਮਾਮਲੇ ਅਨੁਸਾਰ 20 ਫਰਵਰੀ 2019 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਖੇੜਾ ਕਲਾਂ ਨੇੜੇ ਪੁਲਿਸ ਨੇ ਇਕ ਮਾਰੂਤੀ ਜ਼ੈਨ ਕਾਰ ਵਿਚੋਂ ਟਰਾਮਾਡੋਲ ਗੋਲੀਆਂ, ਬੁਪ੍ਰੇਨੋਰਫਿਨ ਅਤੇ ਫੇਨਰਗਨ ਇੰਜੈਕਸ਼ਨ ਬਰਾਮਦ ਕੀਤੇ ਸਨ। ਮੌਕੇ ਤੋਂ ਬਲਵਿੰਦਰ ਰਾਮ ਫ਼ਰਾਰ ਹੋ ਗਿਆ ਸੀ, ਜਦਕਿ ਦੋ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ 14 ਸਤੰਬਰ 2019 ਨੂੰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਹੋਰ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ।
ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਬਲਵਿੰਦਰ ਰਾਮ ਦਿਹਾੜੀਦਾਰ ਮਜ਼ਦੂਰ ਹੋਣ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਕਰਦਾ ਸੀ ਅਤੇ ਇਸ ਦੇ ਬਦਲੇ ਮਿਲੀ ਰਕਮ ਨੂੰ ਘਰੇਲੂ ਖਰਚਿਆਂ ਲਈ ਵਰਤਦਾ ਸੀ। ਅਦਾਲਤ ਨੇ ਕਿਹਾ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਦੇ ਦਾਇਰੇ ਵਿੱਚ ਆਉਂਦੀ ਹੈ।