ਮੋਹਾਲੀ 'ਏਅਰੋਟ੍ਰੋਪੋਲਿਸ' ਪ੍ਰੋਜੈਕਟ ਦਾ ਵਿਸਥਾਰ: ਜ਼ਮੀਨ ਪ੍ਰਾਪਤੀ ਤੋਂ ਪਹਿਲਾਂ ਸਮਾਜਿਕ ਪ੍ਰਭਾਵ ਦਾ ਹੋਵੇਗਾ ਮੁਲਾਂਕਣ
ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਪ੍ਰਕਿਰਿਆ ਤਹਿਤ ਪਿੰਡ ਟੰਗੋਰੀ, ਤਹਿਸੀਲ ਬਨੂੜ ਮੋਹਾਲੀ ’ਚ 140.055 ਏਕੜ ਜ਼ਮੀਨ ਪ੍ਰਸਤਾਵਿਤ ਰੂਪ ਵਿਚ ਐਕਵਾਇਰ ਕੀਤੀ ਜਾਣੀ ਹੈ। ਇਹ ਪ੍ਰੋਜੈਕਟ ਏਅਰੋਟ੍ਰੋਪੋਲਿਸ ਐਕਸਟੈਂਸ਼ਨ ਦੇ ਵਿਕਾਸ ਨਾਲ ਸਬੰਧਤ ਹੈ, ਜਿਸ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
Publish Date: Mon, 02 Mar 2026 08:13 AM (IST)
Updated Date: Mon, 02 Mar 2026 08:15 AM (IST)
ਰੋਹਿਤ ਕੁਮਾਰ ਜਾਗਰਣ, ਚੰਡੀਗੜ੍ਹ : ਮੋਹਾਲੀ ਦੇ ਟੰਗੋਰੀ ਪਿੰਡ ਵਿੱਚ ਪ੍ਰਸਤਾਵਿਤ ਏਅਰੋਟ੍ਰੋਪੋਲਿਸ ਐਕਸਟੈਂਸ਼ਨ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤੀ ਨਾਲ ਅੱਗੇ ਵਧਣ ਤੋਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਇਸ ਦਾ ਸਥਾਨਕ ਲੋਕਾਂ ਅਤੇ ਖੇਤਰ ’ਤੇ ਕੀਤਾ ਸਮਾਜਿਕ ਪ੍ਰਭਾਵ ਪਵੇਗਾ। ਰਾਜ ਸਰਕਾਰ ਵੱਲੋਂ ਇਸ ਸਬੰਧੀ ਸੋਸ਼ਲ ਇੰਪੈਕਟ ਅਸੈੱਸਮੈਂਟ (ਐੱਸਆਈਏ) ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ, ਕਿਸਾਨਾਂ ਅਤੇ ਗ੍ਰਾਮ ਪੰਚਾਇਤ ਦੀ ਰਾਇ ਵੀ ਲਈ ਜਾਵੇਗੀ।
ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਪ੍ਰਕਿਰਿਆ ਤਹਿਤ ਪਿੰਡ ਟੰਗੋਰੀ, ਤਹਿਸੀਲ ਬਨੂੜ ਮੋਹਾਲੀ ’ਚ 140.055 ਏਕੜ ਜ਼ਮੀਨ ਪ੍ਰਸਤਾਵਿਤ ਰੂਪ ਵਿਚ ਐਕਵਾਇਰ ਕੀਤੀ ਜਾਣੀ ਹੈ। ਇਹ ਪ੍ਰੋਜੈਕਟ ਏਅਰੋਟ੍ਰੋਪੋਲਿਸ ਐਕਸਟੈਂਸ਼ਨ ਦੇ ਵਿਕਾਸ ਨਾਲ ਸਬੰਧਤ ਹੈ, ਜਿਸ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਐੱਸਆਈਏ ਦੌਰਾਨ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਕੀ ਪ੍ਰਸਤਾਵਿਤ ਜ਼ਮੀਨ ਨੂੰ ਐਕਵਾਇਰ ਕਰਨਾ ਜਨਤਕ ਹਿੱਤ ਵਿੱਚ ਹੈ ਜਾਂ ਨਹੀਂ। ਇਸ ਤਹਿਤ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ, ਸੰਭਾਵਿਤ ਹਿਜ਼ਰਤ, ਨਿੱਜੀ ਤੇ ਜਨਤਕ ਜ਼ਮੀਨ, ਮਕਾਨਾਂ ਅਤੇ ਹੋਰ ਜਨਤਕ ਜਾਇਦਾਦਾਂ ’ਤੇ ਪੈਣ ਵਾਲੇ ਪ੍ਰਭਾਵ ਦਾ ਵਿਸਥਾਰਤ ਅਧਿਐਨ ਕੀਤਾ ਜਾਵੇਗਾ। ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਪ੍ਰੋਜੈਕਟ ਲਈ ਪ੍ਰਸਤਾਵਿਤ ਜ਼ਮੀਨ ਦੀ ਘੱਟੋ ਘੱਟ ਲੋੜ ਹੈ ਜਾਂ ਨਹੀਂ ਅਤੇ ਕੀ ਇਸ ਦੇ ਲਈ ਕੋਈ ਬਦਲਵੀਂ ਜਗ੍ਹਾ ਉਪਲਬਧ ਹੈ।
ਵਿਭਾਗ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਪ੍ਰਕਿਰਿਆ ਸੰਬੰਧੀ ਸੁਝਾਅ ਜਾਂ ਇਤਰਾਜ਼ ਦੇਣਾ ਚਾਹੁੰਦਾ ਹੈ, ਤਾਂ ਉਹ ਭੂਮੀ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ, ਪੁੱਡਾ ਭਵਨ, ਸੈਕਟਰ-62, ਮੋਹਾਲੀ ਨਾਲ ਸੰਪਰਕ ਕਰ ਸਕਦਾ ਹੈ। ਹਾਊਸਿੰਗ ਵਿਭਾਗ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।