ਅੰਮ੍ਰਿਤਸਰ ਦੀ ਮੰਨਤ ਸ਼ਰਮਾ ਦੇ ਸਿਰਜਿਆ ‘ਮਿਸ ਯੂਨੀਵਰਸ ਪੰਜਾਬ 2026’ ਦਾ ਤਾਜ, ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਕ੍ਰਿਤੀ ਮਲਹੋਤਰਾ ਨੇ ਦੂਜੇ ਸਥਾਨ 'ਤੇ ਕੀਤਾ ਕਬਜ਼ਾ
ਮਿਸ ਯੂਨੀਵਰਸ ਪੰਜਾਬ ਦੀ ਜੇਤੂ ਮੰਨਤ ਸ਼ਰਮਾ ਮੂਲ ਰੂਪ ਵਿਚ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ। 25 ਸਾਲਾਂ ਦੀ ਮੰਨਤ ਪਿਛਲੇ 3 ਸਾਲਾਂ ਤੋਂ ਮਾਡਲਿੰਗ ਕਰਦੀ ਹੈ ਅਤੇ ਇਸੇ ਲਾਈਨ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
Publish Date: Fri, 22 May 2026 11:05 AM (IST)
Updated Date: Fri, 22 May 2026 11:06 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਡਿਪਾਰਟਮੈਂਟ ਆਫ਼ ਫ਼ੈਸ਼ਨ ਡਿਜ਼ਾਈਨ ਵੱਲੋਂ ਕੁਈਨੀਫ਼ਾਈਡ ਈਵੈਂਟਸ ਓਪੀਸੀ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਮਿਸ ਯੂਨੀਵਰਸ ਪੰਜਾਬ ਅਤੇ ਮਿਸ ਟੀਨ ਪੰਜਾਬ ਦਾ ਫ਼ਾਈਨਲ ਰਾਊਂਡ ਕਰਵਾਇਆ ਗਿਆ। ਇਸ ਮੁਕਾਬਲੇ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ। ਇਕ ਮਿਸ ਟੀਨ ਪੰਜਾਬ, ਜਿਸ ਵਿਚ 16 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੇ ਹਿੱਸਾ ਲਿਆ ਅਤੇ ਦੂਜਾ ਮਿਸ ਯੂਨੀਵਰਸ ਪੰਜਾਬ, ਜਿਸ ਵਿਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਨੇ ਭਾਗ ਲਿਆ।
ਇਸ ਈਵੈਂਟ ਦੇ ਫ਼ਾਈਨਲ ਰਾਊਂਡ ਮਿਸ ਯੂਨੀਵਰਸ ਪੰਜਾਬ ਦਾ ਤਾਜ ਮੰਨਤ ਸ਼ਰਮਾ ਦੇ ਸਿਰ ਸਜਿਆ, ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਕ੍ਰਿਤੀ ਮਲਹੋਤਰਾ ਦੂਜੇ ਸਥਾਨ ’ਤੇ ਰਹੀ ਅਤੇ ਅਗ੍ਰਿਮਾ ਦਿਵੇਦੀ ਨੇ ਤੀਜੇ ਸਥਾਨ ਉੱਪਰ ਕਬਜ਼ਾ ਕੀਤਾ। ਜਦਕਿ ਪੰਜਾਬ ਦੀ ਜੀਆ ਤਿਵਾਰੀ ਦੇ ਸਿਰ ਮਿਸ ਟੀਨ ਪੰਜਾਬ ਦਾ ਤਾਜ ਸਜਿਆ। ਮਿਸ ਯੂਨੀਵਰਸ ਪੰਜਾਬ ਦੀ ਜੇਤੂ ਮੰਨਤ ਸ਼ਰਮਾ ਮੂਲ ਰੂਪ ਵਿਚ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ। 25 ਸਾਲਾਂ ਦੀ ਮੰਨਤ ਪਿਛਲੇ 3 ਸਾਲਾਂ ਤੋਂ ਮਾਡਲਿੰਗ ਕਰਦੀ ਹੈ ਅਤੇ ਇਸੇ ਲਾਈਨ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਨਾਲ ਹੀ ਉਸ ਨੇ ਇਸੇ ਸਾਲ ਹੋਣ ਵਾਲੇ ਮਿਸ ਯੂਨੀਵਰਸ ਇੰਡੀਆ ਲਈ ਕੁਆਲੀਫ਼ਾਈ ਕਰ ਲਿਆ ਹੈ।
ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਵਿਚ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਕ੍ਰਿਤੀ ਮਲਹੋਤਰਾ ਨੇ ਮਿਸ ਯੂਨੀਵਰਸ ਪੰਜਾਬ ਵਿਚ ਦੂਜਾ ਸਥਾਨ ਹਾਸਲ ਕੀਤਾ। 20 ਸਾਲਾਂ ਦੀ ਕ੍ਰਿਤੀ ਮੂਲ ਤੌਰ ''ਤੇ ਜ਼ੀਰਕਪੁਰ ਦੀ ਰਹਿਣ ਵਾਲੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਮਾਡਲਿੰਗ ਅਤੇ ਸਮਾਜ ਭਲਾਈ ਦੇ ਕਾਰਜ ਕਰਦੀ ਹੈ।
ਮਿਸ ਯੂਨੀਵਰਸ ਪੰਜਾਬ ਦੀ ਜਿਊਰੀ (ਜੱਜ) ਦੀ ਗੱਲ ਕਰੀਏ ਤਾਂ ਇਸ ਵਿਚ 2025 ਦੀ ਮਿਸ ਯੂਨੀਵਰਸ ਇੰਡੀਆ ਖ਼ਿਤਾਬ ਦੀ ਜੇਤੂ ਮਨਿਕਾ ਵਿਸ਼ਵਕਰਮਾ, ਮਿਸ ਯੂਨੀਵਰਸ ਪੰਜਾਬ 2025 ਰਵੀਤਾਨਿਆ ਸ਼ਰਮਾ, ਕੁਈਨੀਫ਼ਾਈਡ ਆਈਐਨਸੀ ਦੀ ਸੰਸਥਾਪਕ ਅਤੇ ਮਿਸ ਯੂਨੀਵਰਸ ਪੰਜਾਬ 2026 ਦੀ ਸਟੇਟ ਡਾਇਰੈਕਟਰ ਪ੍ਰੀਤੀ ਯਾਦਵ, ਐਮਬੀਪੀ ਗਰੁੱਪ ਦੇ ਮਾਲਕ ਮਨਮੋਹਨ ਸਿੰਘ, ਮਿਸ ਯੂਨੀਵਰਸ ਇੰਡੀਆ ਦੇ ਫ਼੍ਰੈਚਾਈਜ਼ੀ ਡਾਇਰੈਕਟਰ ਅਮਜਦ ਅਲੀ ਦੇ ਨਾਮ ਸ਼ਾਮਲ ਹਨ।