ਸਿਸੋਦੀਆ ਨੇ ਕਿਹਾ ਕਿ ਕਿਸਾਨ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਆਪਣੇ ਖੇਤਾਂ 'ਚ ਆਈ ਰੇਤ ਨੂੰ ਕਿਵੇਂ ਹਟਾ ਕੇ ਅਗਲੀ ਫਸਲ ਬੀਜਣਗੇ। ਉਨ੍ਹਾਂ ਕਿਹਾ ਕਿ ਪਾਰਟੀ ਇੰਚਾਰਜ ਹੋਣ ਦੇ ਨਾਤੇ ਉਹ ਕਿਸਾਨਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਨ ਕਿ ਇਸ ਸਬੰਧੀ ਦੋ-ਤਿੰਨ ਦਿਨਾਂ 'ਚ ਨੀਤੀ ਐਲਾਨ ਦਿੱਤੀ ਜਾਵੇਗੀ।
ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਹੜ੍ਹ ਕਾਰਨ ਖੇਤਾਂ 'ਚ ਆਈ ਰੇਤ ਨੂੰ ਕਿਸਾਨ ਮਾਈਨਿੰਗ ਕਰ ਕੇ ਵੇਚ ਸਕਦੇ ਹਨ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਇਕ ਦੋ ਦਿਨਾਂ 'ਚ ਨੀਤੀ ਐਲਾਨ ਸਕਦੇ ਹਨ। ਪਾਰਟੀ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸਿਸੋਦੀਆ ਨੇ ਕਿਹਾ ਕਿ ਕਿਸਾਨ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਆਪਣੇ ਖੇਤਾਂ 'ਚ ਆਈ ਰੇਤ ਨੂੰ ਕਿਵੇਂ ਹਟਾ ਕੇ ਅਗਲੀ ਫਸਲ ਬੀਜਣਗੇ। ਉਨ੍ਹਾਂ ਕਿਹਾ ਕਿ ਪਾਰਟੀ ਇੰਚਾਰਜ ਹੋਣ ਦੇ ਨਾਤੇ ਉਹ ਕਿਸਾਨਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਨ ਕਿ ਇਸ ਸਬੰਧੀ ਦੋ-ਤਿੰਨ ਦਿਨਾਂ 'ਚ ਨੀਤੀ ਐਲਾਨ ਦਿੱਤੀ ਜਾਵੇਗੀ। ਕਿਸਾਨ ਆਪਣੇ ਖੇਤ ਨੂੰ ਸਾਫ ਕਰ ਕੇ ਰੇਤ ਨੂੰ ਵੇਚਣ 'ਚ ਵੀ ਸਮਰੱਥ ਹੋਣਗੇ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਹੜ੍ਹਾਂ ਦੇ ਆਉਣ ਕਾਰਨ ਗੈਰ-ਕਾਨੂੰਨੀ ਮਾਈਨਿੰਗ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਬੰਧ 'ਚ ਉੱਠੇ ਸਵਾਲਾਂ ਦੇ ਜਵਾਬ 'ਚ ਸਿਸੋਦੀਆ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਦੁੱਖ ਦੇ ਸਮੇਂ ਅਜਿਹੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਕਿਉਂਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਹ ਪਰੇਸ਼ਾਨ ਹਨ। ਹਾਲਾਂਕਿ ਉਨ੍ਹਾਂ ਗੈਰ-ਕਾਨੂੰਨੀ ਮਾਈਨਿੰਗ ਦੇ ਸਬੰਧ 'ਚ ਉੱਠੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਪ੍ਰਧਾਨ ਮੰਤਰੀ ਦੇ 9 ਸਤੰਬਰ ਦੇ ਦੌਰੇ ਸਬੰਧੀ ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੌਰੇ 'ਤੇ ਆਉਣ ਤੋਂ ਪਹਿਲਾਂ ਪੰਜਾਬ ਦੇ 60,000 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਹਨ ਜੋ ਕਿ ਪੰਜਾਬ ਦੇ ਹੱਕ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪੈਸਾ ਜਾਰੀ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਰਾਹਤ ਕਾਰਜਾਂ 'ਚ ਤੇਜ਼ੀ ਆ ਸਕਦੀ ਹੈ। ਪ੍ਰਧਾਨ ਮੰਤਰੀ ਦੌਰਾ ਕਰਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੇ ਫੰਡ ਨੂੰ ਰਿਲੀਜ਼ ਕਰਨਾ ਚਾਹੀਦਾ ਹੈ।
ਸਿਸੋਦੀਆ ਨੇ ਇਹ ਵੀ ਕਿਹਾ ਕਿ ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੌਰਾ ਕਰਨਗੇ ਤਾਂ ਹੀ ਉਨ੍ਹਾਂ ਨੂੰ ਪਤਾ ਚੱਲੇਗਾ। ਕੇਂਦਰੀ ਖੇਤੀਬਾੜੀ ਮੰਤਰੀ ਪਹਿਲਾਂ ਹੀ ਦੌਰਾ ਕਰ ਚੁੱਕੇ ਹਨ। ਅੱਜ ਡਿਜੀਟਲ ਯੁੱਗ ਹੈ। ਪ੍ਰਧਾਨ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ 'ਤੇ ਕਿੰਨੀ ਵੱਡੀ ਮੁਸੀਬਤ ਆਈ ਹੈ। 1988 ਵਿਚ ਜਦੋਂ ਹੜ੍ਹ ਆਏ ਸਨ, ਤਾਂ ਵੀ ਪਾਣੀ ਦੋ ਦਿਨਾਂ 'ਚ ਉਤਰ ਗਿਆ ਸੀ, ਪਰ ਇਸ ਵਾਰ ਜੋ ਹੜ੍ਹ ਆਏ ਹਨ, ਪਾਣੀ ਲੰਬੇ ਸਮੇਂ ਤਕ ਪਿੰਡਾਂ ਤੇ ਖੇਤਾਂ 'ਚ ਖੜ੍ਹਾ ਰਿਹਾ ਹੈ।