ਆਪ੍ਰੇਸ਼ਨ ਪ੍ਰਹਾਰ 2.0 ‘ਗੈਂਗਸਟਰ ’ਤੇ ਵਾਰ’ ਅਧੀਨ ਜ਼ਿਲ੍ਹਾ ਪੁਲਿਸ ਦੀ ਵੱਡੀ ਕਾਰਵਾਈ
ਆਪਰੇਸ਼ਨ ਪ੍ਰਹਾਰ 2.0 "ਗੈਂਗਸਟਰ ’ਤੇ ਵਾਰ" ਦੇ ਅਧੀਨ ਜ਼ਿਲ੍ਹਾ ਪੁਲਿਸ ਦੀ ਵੱਡੀ ਕਾਰਵਾਈ
Publish Date: Mon, 09 Feb 2026 08:27 PM (IST)
Updated Date: Mon, 09 Feb 2026 08:29 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਅਰਪਿਤ ਸ਼ੁਕਲਾ, ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਪੰਜਾਬ, ਚੰਡੀਗੜ੍ਹ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਪ੍ਰਹਾਰ-2, (ਗੈਂਗਸਟਰਾਂ ’ਤੇ ਵਾਰ ਅਤੇ ਯੁੱਧ ਨਸ਼ਿਆਂ ਵਿਰੁੱਧ) ਮੁਹਿੰਮ ਤਹਿਤ ਐੱਸਏਐੱਸ ਨਗਰ ਵਿਚ ਗੈਂਗਸਟਰਾਂ ਅਤੇ ਇਨ੍ਹਾਂ ਦੇ ਸਹਿਯੋਗੀਆਂ ’ਤੇ ਵੱਖ-ਵੱਖ ਮੁੱਕਦਮਿਆਂ ਅਤੇ ਹੋਰ ਕ੍ਰਿਮੀਨਲ ਮੁਕੱਦਮਿਆਂ ਵਿਚ ਲੁੜੀਂਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਆਪ੍ਰੇਸ਼ਨ ਪ੍ਰਹਾਰ-2, ਤਹਿਤ ਗਜ਼ਟਿਡ ਅਧਿਕਾਰੀਆਂ ਅਤੇ ਮੁੱਖ ਅਫ਼ਸਰ, ਥਾਣਾ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕੁੱਲ 102 ਛਾਪੇਮਾਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਛਾਪੇਮਾਰੀਆਂ ਦੌਰਾਨ ਵੱਖ-ਵੱਖ, ਮੁਕੱਦਮਿਆਂ ਵਿਚ ਲੁੜੀਂਦੇ ਦੋਸ਼ੀਆਂ ਵਿਚ 68 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 15 ਵਿਅਕਤੀਆਂ ਦੇ ਖ਼ਿਲਾਫ਼ ਰੋਕੂ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸੇ ਤਰ੍ਹਾਂ 32 ਲੁੜੀਂਦੇ ਦੋਸ਼ੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ ਹੈ। ਇਸ ਤਲਾਸ਼ੀ ਮੁਹਿੰਮ ਦੌਰਾਨ 92 ਗ੍ਰਾਮ ਹੈਰੋਇਨ ਇਕ ਸਰਿੰਜ, ਇਕ ਵੇਟ ਮਸ਼ੀਨ ਅਤੇ ਇਕ ਐਕਟਿਵਾ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਐੱਸਏਐੱਸ ਨਗਰ ਅੰਦਰ ਕੋਰਡਨ ਅਤੇ ਸਰਚ ਆਪ੍ਰੇਸ਼ਨ ਦੌਰਾਨ ਸੈਕਟਰ-88 ਮੁਹਾਲੀ ਵਿਖੇ ਕਰੀਬ 200 ਪੁਲਿਸ ਮੁਲਾਜ਼ਮਾਂ ਨਾਲ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਐੱਸਏਐੱਸ ਨਗਰ ਦੀ ਨਿਗਰਾਨੀ ਹੇਠ ਪੀਜੀ/ਵ੍ਹੀਕਲਾਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਇਸੇ ਤਰ੍ਹਾਂ ਪਿੰਡ ਮਟੋਰ (ਸੈਕਟਰ-70) ਮੁਹਾਲੀ ਦੇ ਏਰੀਆ ਵਿਚ 150 ਪੁਲਿਸ ਮੁਲਾਜ਼ਮਾਂ ਨਾਲ ਸਰਾਵਾਂ, ਹੋਟਲਾਂ, ਪੀਜੀ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ਨੂੰ ਚੈੱਕ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਵਿਚ ਗਜ਼ਟਡ ਅਫ਼ਸਰਾਂ (ਡੀਐੱਸਪੀ ਅਤੇ ਐੱਸਪੀ) ਦੀ ਨਿਗਰਾਨੀ ਹੇਠ 06 ਫਲੈਗ ਮਾਰਚ ਵੀ ਕੱਢੇ ਗਏ ਹਨ ਅਤੇ ਜ਼ਿਲ੍ਹੇ ਵਿਚ ਸ਼ਾਮ 06:00 ਵਜੇ ਤੋਂ ਰਾਤ 11:00 ਵਜੇ ਤੱਕ ਸਪੈਸ਼ਲ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ।