ਮੁਹਾਲੀ 'ਚ 13 ਲੱਖ ਰੁਪਏ ਦੀ ਵੱਡੀ ਧੋਖਾਧੜੀ
ਮੁਹਾਲੀ 'ਚ 13 ਲੱਖ ਰੁਪਏ ਦੀ ਵੱਡੀ ਧੋਖਾਧੜੀ, ਜਾਅਲੀ ਸਕ੍ਰੀਨਸ਼ੌਟ ਅਤੇ ਚੈੱਕ ਦੇ ਕੇ ਠੱਗੀ ਮਾਰਨ ਵਾਲਾ ਨਾਮਜ਼ਦ
Publish Date: Mon, 12 Jan 2026 08:30 PM (IST)
Updated Date: Tue, 13 Jan 2026 04:13 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਐੱਸਏਐੱਸ ਨਗਰ ਦੀ ਪੁਲਿਸ ਨੇ ਇਕ ਸ਼ਾਤਿਰ ਧੋਖਾਧੜੀ ਦੇ ਮਾਮਲੇ ਵਿਚ ਚੰਡੀਗੜ੍ਹ ਦੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮ ਤੇ ਜਾਅਲੀ ਬੈਂਕ ਟਰਾਂਸਫਰ ਦੀਆਂ ਰਸੀਦਾਂ (ਸਕ੍ਰੀਨਸ਼ੌਟ) ਦਿਖਾ ਕੇ ਅਤੇ ਬਾਊਂਸ ਹੋਏ ਚੈੱਕ ਦੇ ਕੇ ਕਰੀਬ 13,03,993 ਰੁਪਏ ਦੀ ਠੱਗੀ ਮਾਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਹਨ। ਪਿੰਡ ਪਾਪੜੀ ਦੇ ਵਸਨੀਕ ਬਲਵਿੰਦਰ ਸਿੰਘ ਨੇ ਆਈਟੀ ਸਿਟੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦਾ ਸੈਕਟਰ-82, ਮੁਹਾਲੀ ਵਿਚ ਇਕ ਸ਼ੋਅਰੂਮ ਹੈ। ਇਸ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਅਗਸਤ 2023 ਵਿਚ ਅਮਰੇਸ਼ ਕੁਮਾਰ ਪਾਂਡੇ ਨੂੰ ਕਿਰਾਏ ’ਤੇ ਦਿੱਤੀ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ 16 ਮਹੀਨਿਆਂ ਦਾ ਬਕਾਇਆ ਕਿਰਾਇਆ ਅਤੇ ਬਿਜਲੀ ਦੇ ਬਿੱਲ (ਕੁੱਲ 13.03 ਲੱਖ ਰੁਪਏ) ਅਦਾ ਕਰਨ ਲਈ ਇਕ ਇਕਰਾਰਨਾਮਾ ਕੀਤਾ ਸੀ। ਮੁਲਜ਼ਮ ਨੇ 4-4 ਲੱਖ ਰੁਪਏ ਦੇ ਦੋ ਚੈੱਕ ਦਿੱਤੇ, ਜੋ ਬੈਂਕ ਵਿਚ ਲਗਾਉਣ ’ਤੇ ਬਾਊਂਸ ਹੋ ਗਏ। ਇਸ ਤੋਂ ਇਲਾਵਾ, ਜਦੋਂ ਕਿਰਾਏ ਦੀ ਮੰਗ ਕੀਤੀ ਗਈ ਤਾਂ ਮੁਲਜ਼ਮ ਨੇ ਮੋਬਾਈਲ ਰਾਹੀਂ ਬੈਂਕ ਟਰਾਂਸਫਰ ਦੀਆਂ ਅਜਿਹੀਆਂ ਰਸੀਦਾਂ ਦੇ ਸਕ੍ਰੀਨਸ਼ੌਟ ਭੇਜੇ ਜੋ ਜਾਂਚ ਦੌਰਾਨ ਪੂਰੀ ਤਰ੍ਹਾਂ ਜਾਅਲੀ ਪਾਏ ਗਏ। ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੈਸਿਆਂ ਬਾਰੇ ਅਮਰੇਸ਼ ਪਾਂਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਨਾ ਸਿਰਫ਼ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ, ਸਗੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਐੱਸਐੱਸਪੀ ਮੁਹਾਲੀ ਦੇ ਹੁਕਮਾਂ ਅਤੇ ਡੀਐੱਸਪੀ ਸਿਟੀ-2 ਦੀ ਪੜਤਾਲੀਆ ਰਿਪੋਰਟ ਤੋਂ ਬਾਅਦ, ਥਾਣਾ ਆਈਟੀ ਸਿਟੀ ਵਿਚ ਮੁਲਜ਼ਮ ਅਮਰੇਸ਼ ਕੁਮਾਰ ਪਾਂਡੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਕਾਫ਼ੀ ਸ਼ਾਤਿਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਏਐੱਸਆਈ ਸੋਹਨ ਲਾਲ ਵੱਲੋਂ ਤਫ਼ਤੀਸ਼ ਜਾਰੀ ਹੈ।