ਜ਼ੀਰਕਪੁਰ 'ਚ ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਕਈ ਖੇਤਰਾਂ 'ਚ ਲਾਏ ਨਾਕੇ, 109 ਚਾਲਾਨ ਕੱਟੇ
ਜ਼ੀਰਕਪੁਰ 'ਚ ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ: ਕਈ ਇਲਾਕਿਆਂ 'ਚ ਲਗਾਏ ਨਾਕੇ, 109 ਚਾਲਾਨ ਕੱਟੇ
Publish Date: Wed, 04 Feb 2026 07:18 PM (IST)
Updated Date: Wed, 04 Feb 2026 07:20 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਵਿਚ ਟ੍ਰੈਫਿਕ ਪ੍ਰਬੰਧ ਨੂੰ ਸੁਧਾਰਨ ਅਤੇ ਸੜਕੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਬੁੱਧਵਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਸਿੰਘਪੁਰਾ ਚੌਕ, ਪਟਿਆਲਾ ਚੌਕ ਅਤੇ ਮੈਕਡੋਨਲਡਜ਼ ਤੋਂ ਲੈ ਕੇ ਛੱਤ ਰੋਡ ਤੱਕ ਸਖ਼ਤ ਨਾਕਾਬੰਦੀ ਕੀਤੀ। ਪੁਲਿਸ ਮੁਲਾਜ਼ਮਾਂ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦਿਆਂ ਕੁੱਲ 109 ਚਾਲਾਨ ਕੱਟੇ। ਇਸ ਮੁਹਿੰਮ ਦੌਰਾਨ ਪੁਲਿਸ ਦਾ ਮੁੱਖ ਫੋਕਸ ਗ਼ਲਤ ਪਾਸੇ (ਰੌਂਗ ਸਾਈਡ) ਵਾਹਨ ਚਲਾਉਣ ਵਾਲਿਆਂ, ਬਿਨਾਂ ਹੈਲਮੇਟ ਸਫ਼ਰ ਕਰਨ ਵਾਲਿਆਂ ਅਤੇ ਸੜਕਾਂ ਤੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਤੇ ਰਿਹਾ। ਇਸ ਤੋਂ ਇਲਾਵਾ, ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਚਾਲਕਾਂ ਦੇ ਵੀ ਵੱਡੀ ਗਿਣਤੀ ਵਿਚ ਚਾਲਾਨ ਕੀਤੇ ਗਏ। ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕੀ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਪਣੀ ਤੇ ਦੂਜਿਆਂ ਦੀ ਜਾਨ ਸੁਰੱਖਿਅਤ ਰੱਖਣ।