ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਮਾਮਲੇ 'ਚ ਜੋੜੀ ਇਹ ਧਾਰਾ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
Publish Date: Thu, 27 Nov 2025 06:46 PM (IST)
Updated Date: Thu, 27 Nov 2025 06:51 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਮੋਹਾਲੀ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਖ਼ਿਲਾਫ਼ ਚੱਲ ਰਹੇ ਕੇਸ ’ਚ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜ਼ਿਸ਼) ਵੀ ਜੋੜ ਦਿੱਤੀ ਹੈ।
ਮੋਹਾਲੀ ਦੀ ਵਿਸ਼ੇਸ਼ ਅਦਾਲਤ ’ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਨੇ ਦੱਸਿਆ ਉਸ ਦਾ ਮੰਨਣਾ ਹੈ ਕਿ ਇਸ ਮਾਮਲੇ ’ਚ ਕਥਿਤ ਤੌਰ ’ਤੇ ਅਪਰਾਧਿਕ ਸਾਜ਼ਿਸ਼ ਰਚੀ ਗਈ ਸੀ। ਇਸੇ ਲਈ ਧਾਰਾ-120 ਬੀ ਵੀ ਕੇਸ ’ਚ ਜੋੜੀ ਗਈ ਹੈ। ਇਸ ਮਾਮਲੇ ’ਚ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਵਿਜੀਲੈਂਸ ਨੇ ਗਰੇਵਾਲ ਲਈ 29 ਨਵੰਬਰ ਤੱਕ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਹੋਏ ਹਨ। ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਹੋਈ ਕੈਬਨਿਟ ਮੀਟਿੰਗ ’ਚ ਮਜੀਠੀਆ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਭਾਵੇਂ ਅਜੇ ਤੱਕ ਇਸ ਮਾਮਲੇ ’ਚ ਦੋਸ਼ ਤੈਅ ਨਹੀਂ ਹੋਏ ਹਨ, ਪਰ ਮੰਨਿਆ ਜਾ ਰਿਹਾ ਹੈ ਕਿ 10 ਦਸੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ’ਚ ਦੋਸ਼ ਤੈਅ ਹੋ ਸਕਦੇ ਹਨ। ਇਸ ਦੌਰਾਨ, ਮਜੀਠੀਆ ਦੇ ਵਕੀਲਾਂ ਵੱਲੋਂ ਵਿਜੀਲੈਂਸ ਦੁਆਰਾ ਪੇਸ਼ ਕੀਤੇ ਗਏ ਚਾਲਾਨ ’ਤੇ ਵਿਸਥਾਰਪੂਰਵਕ ਬਹਿਸ ਕੀਤੀ ਜਾਵੇਗੀ।
ਜ਼ਮਾਨਤ ’ਤੇ ਫ਼ੈਸਲਾ ਰਾਖਵਾਂ : ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਕਿਸੇ ਵੀ ਸਮੇਂ ਆ ਸਕਦਾ ਹੈ। ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪੂਰੀ ਹੋ ਚੁੱਕੀ ਹੈ। ਦੋਵਾਂ ਧਿਰਾਂ ਦੇ ਵਕੀਲਾਂ ’ਚ ਲਗਪਗ 15 ਦਿਨ ਲੰਬੀ ਬਹਿਸ ਚੱਲੀ ਸੀ। ਅਦਾਲਤ ਵੱਲੋਂ ਫ਼ੈਸਲਾ ਰਾਖਵਾਂ ਰੱਖਿਆ ਗਿਆ ਹੈ, ਜਿਸ ਨੂੰ ਕਿਸੇ ਵੀ ਸਮੇਂ ਸੁਣਾਇਆ ਜਾ ਸਕਦਾ ਹੈ।