ਮੁਲਾਜ਼ਮਾਂ ਨੂੰ ਮੁੱਖ ਗੇਟ 'ਤੇ ਰੋਕ ਕੇ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ, ਜਿਸ ਕਾਰਨ ਕੁਝ ਸਮੇਂ ਲਈ ਦਫ਼ਤਰ ਦਾ ਆਮ ਕੰਮਕਾਜ ਪ੍ਰਭਾਵਿਤ ਰਿਹਾ। ਦੱਸਿਆ ਜਾ ਰਿਹਾ ਹੈ ਕਿ ਟੀਮ ਪਹਿਲੀ ਮੰਜ਼ਿਲ 'ਤੇ ਬੈਠ ਕੇ ਦਸਤਾਵੇਜ਼ ਖੰਗਾਲਦੀ ਰਹੀ।
.jpg)
ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਮੋਹਾਲੀ ਸਥਿਤ ਹੈੱਡਕੁਆਰਟਰ ਵਿੱਚ ਸੀ.ਬੀ.ਆਈ. (CBI) ਦੀ ਕਾਰਵਾਈ ਤੋਂ ਬਾਅਦ ਪਹਿਲੀ ਵਾਰ ਅਧਿਕਾਰਤ ਪ੍ਰਤੀਕਿਰਿਆ ਦਿੱਤੀ ਹੈ। ਬਿਊਰੋ ਨੇ ਸਾਫ਼ ਕਿਹਾ ਹੈ ਕਿ ਕੇਂਦਰੀ ਜਾਂਚ ਏਜੰਸੀ ਦੀ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਜਾਂਚ ਦੌਰਾਨ ਜਿਸ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ, 25 ਲੱਖ ਰੁਪਏ ਦੀ ਕਥਿਤ ਰਿਸ਼ਵਤ ਡੀਲ ਵਿੱਚ ਸੀ.ਬੀ.ਆਈ. ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।
ਤਿੰਨ ਮੁਲਜ਼ਮ ਕਾਬੂ, 13 ਲੱਖ ਦੀ ਨਕਦੀ ਬਰਾਮਦ
ਸੂਤਰਾਂ ਅਨੁਸਾਰ, ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਜਿਨ੍ਹਾਂ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ, ਉਨ੍ਹਾਂ ਵਿੱਚ ਪੰਜਾਬ ਵਿਜੀਲੈਂਸ ਦੇ ਇੱਕ ਅਧਿਕਾਰੀ ਦਾ ਰੀਡਰ ਓ.ਪੀ. ਰਾਣਾ, ਇੱਕ ਨਿੱਜੀ ਡਰਾਈਵਰ ਤੇ ਵਿਚੋਲੇ ਵਜੋਂ ਸਾਹਮਣੇ ਆਏ ਪਿਓ-ਪੁੱਤ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਹੀ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਤੋਂ ਪੈਸੇ ਲੈਣ ਲਈ ਹੋਟਲ ਪਹੁੰਚਿਆ ਸੀ। ਉੱਥੇ ਹੀ, ਪਿਓ-ਪੁੱਤ ਡੀਲ ਕਰਵਾਉਣ ਅਤੇ ਸੰਪਰਕ ਸੂਤਰ ਵਜੋਂ ਕੰਮ ਕਰ ਰਹੇ ਸਨ। ਏਜੰਸੀ ਨੇ ਕਾਰਵਾਈ ਦੌਰਾਨ 13 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਹਨ।
ਸੈਕਟਰ-35 ਦੇ ਹੋਟਲ ਵਿੱਚ ਹੋ ਰਹੀ ਸੀ ਸੌਦੇਬਾਜ਼ੀ
ਮਾਮਲਾ ਚੰਡੀਗੜ੍ਹ ਦੇ ਸੈਕਟਰ-35 ਸਥਿਤ ਇੱਕ ਹੋਟਲ ਵਿੱਚ ਚੱਲ ਰਹੀ ਕਥਿਤ ਸੌਦੇਬਾਜ਼ੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਇੱਕ ਪ੍ਰਾਪਰਟੀ ਵਿਵਾਦ ਨਾਲ ਸਬੰਧਤ ਸ਼ਿਕਾਇਤ ਨੂੰ ਲੈ ਕੇ ਸਮਝੌਤੇ ਦੇ ਨਾਂ 'ਤੇ 25 ਲੱਖ ਰੁਪਏ ਮੰਗੇ ਗਏ ਸਨ। ਸੀ.ਬੀ.ਆਈ. ਨੂੰ ਇਸ ਦੀ ਪਹਿਲਾਂ ਹੀ ਸੂਚਨਾ ਸੀ, ਜਿਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾਇਆ ਤੇ ਜਿਵੇਂ ਹੀ ਰਕਮ ਲੈਣ ਦੀ ਕੋਸ਼ਿਸ਼ ਹੋਈ, ਮੌਕੇ 'ਤੇ ਦਬਿਸ਼ ਦੇ ਕੇ ਕਾਰਵਾਈ ਕਰ ਦਿੱਤੀ।
ਵਿਜੀਲੈਂਸ ਹੈੱਡਕੁਆਰਟਰ ਵਿੱਚ ਛਾਪੇਮਾਰੀ
ਸੋਮਵਾਰ ਦੇਰ ਰਾਤ ਸੀ.ਬੀ.ਆਈ. ਦੀ ਟੀਮ ਨੇ ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਮੁੱਖ ਦਫ਼ਤਰ ਵਿੱਚ ਵੀ ਛਾਪੇਮਾਰੀ ਕੀਤੀ। ਮੰਗਲਵਾਰ ਸਵੇਰੇ ਵੀ ਟੀਮ ਦਫ਼ਤਰ ਪਹੁੰਚੀ ਅਤੇ ਰਿਕਾਰਡ ਦੀ ਜਾਂਚ ਕਰਦੀ ਰਹੀ। ਮੁਲਾਜ਼ਮਾਂ ਨੂੰ ਮੁੱਖ ਗੇਟ 'ਤੇ ਰੋਕ ਕੇ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ, ਜਿਸ ਕਾਰਨ ਕੁਝ ਸਮੇਂ ਲਈ ਦਫ਼ਤਰ ਦਾ ਆਮ ਕੰਮਕਾਜ ਪ੍ਰਭਾਵਿਤ ਰਿਹਾ। ਦੱਸਿਆ ਜਾ ਰਿਹਾ ਹੈ ਕਿ ਟੀਮ ਪਹਿਲੀ ਮੰਜ਼ਿਲ 'ਤੇ ਬੈਠ ਕੇ ਦਸਤਾਵੇਜ਼ ਖੰਗਾਲਦੀ ਰਹੀ।
ਵਿਜੀਲੈਂਸ ਦਾ ਪੱਖ
ਪੰਜਾਬ ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਸੀ.ਬੀ.ਆਈ. ਨੇ ਇੱਕ ਨਿੱਜੀ ਵਿਅਕਤੀ ਨੂੰ ਫੜਿਆ ਹੈ ਅਤੇ ਜਾਂਚ ਜਾਰੀ ਹੈ। ਜੇਕਰ ਜਾਂਚ ਦੌਰਾਨ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦਾ ਨਾਂ ਸਾਹਮਣੇ ਆਉਂਦਾ ਹੈ, ਤਾਂ ਬਿਊਰੋ ਪੂਰੀ ਤਰ੍ਹਾਂ ਸੀ.ਬੀ.ਆਈ. ਦਾ ਸਹਿਯੋਗ ਕਰੇਗਾ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇਗਾ।
ਇਸ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਖ਼ੁਦ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ।