'ਲਾਰੈਂਸ ਆਪਣੀ ਮੌਤ ਦੇ ਕਾਗਜ਼ਾਂ ’ਤੇ ਦਸਤਖ਼ਤ ਕਰ ਬੈਠੈ', ਪੈਰੀ ਕਤਲ ਮਾਮਲੇ ਮਗਰੋਂ ਵਿਦੇਸ਼ ਬੈਠੇ ਗੋਲਡੀ ਬਰਾੜ ਦੀ ਰਿਕਾਰਡਿੰਗ ਵਾਇਰਲ
ਸੈਕਟਰ-26 ਵਿਚ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਮਗਰੋਂ ਕੈਨੇਡਾ ਬੈਠੇ ਅੱਤਵਾਦੀ ਸਤਵਿੰਦਰ ਉਰਫ਼ ਗੋਲਡੀ ਬਰਾੜ ਦੀ ਇਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਇਸ ਆਵਾਜ਼ ਸੰਦੇਸ਼ ਵਿਚ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ।
Publish Date: Sat, 06 Dec 2025 09:04 PM (IST)
Updated Date: Sat, 06 Dec 2025 09:08 PM (IST)
ਜਾਸ, ਚੰਡੀਗੜ੍ਹ : ਸੈਕਟਰ-26 ਵਿਚ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਮਗਰੋਂ ਕੈਨੇਡਾ ਬੈਠੇ ਅੱਤਵਾਦੀ ਸਤਵਿੰਦਰ ਉਰਫ਼ ਗੋਲਡੀ ਬਰਾੜ ਦੀ ਇਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਇਸ ਆਵਾਜ਼ ਸੰਦੇਸ਼ ਵਿਚ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਲਾਰੈਂਸ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਗਿਆ ਹੈ ਤੇ ਹੁਣ ਪੈਰੀ ਨੂੰ ਮਰਵਾ ਕੇ ਉਸ ਨੇ ਆਪਣੀ ਮੌਤ ਦੇ ਕਾਗਜ਼ਾਂ ’ਤੇ ਦਸਤਖ਼ਤ ਕਰ ਲਏ ਨੇ, ਕੁਦਰਤ ਗੱਦਾਰੀ ਦੀ ਸਜ਼ਾ ਜ਼ਰੂਰ ਦੇਵੇਗੀ। ਪੈਰੀ ਦੇ ਕਤਲ ਪਿੱਛੋਂ ਗੋਲਡੀ ਦੀ ਇਕ ਹੋਰ ਆਡੀਓ ਰਿਕਾਰਡਿੰਗ ਸਾਹਮਣੇ ਆਈ ਸੀ, ਜਿਸ ਵਿਚ ਇਸ ਵਾਰਦਾਤ ਲਈ ਲਾਰੈਂਸ ਬਿਸ਼ਨੋਈ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਲਾਰੈਂਸ ਤੇ ਗੋਲਡੀ ਪਹਿਲਾਂ ਇੱਕੋ ਗੈਂਗ ਨਾਲ ਜੁੜੇ ਸਨ।
ਦੋਵਾਂ ਨੇ ਕਈ ਵੱਡੀਆਂ ਵਾਰਦਾਤਾਂ ਕੀਤੀਆਂ ਸਨ। ਦੋਵਾਂ ਦਾ ਨਾਂ ਪੰਜਾਬੀ ਗਾਇਕ ਕਲਾਕਾਰ ਸ਼ੁੱਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਸਾਹਮਣੇ ਆਇਆ ਸੀ। ਫਿਰ ਦੋਵੇਂ ਵੱਖ-ਵੱਖ ਹੋ ਗਏ ਤੇ ਇਕ-ਦੂਜੇ ਦੇ ਲਹੂ ਦੇ ਪਿਆਸੇ ਹੋ ਚੁੱਕੇ ਹਨ। ਹਾਲ ਹੀ ਵਿਚ ਪੈਰੀ ਦੀ ਲਾਰੈਂਸ ਬਿਸ਼ਨੋਈ ਦੇ ਨਾਲ ਹੋਈ ਗੱਲਬਾਤ ਦੀ ਇਕ ਆਡੀਓ ਕਲਿੱਪ ਵਾਇਰਲ ਹੋਈ ਸੀ। ਇਸ ਵਿਚ ਲਾਰੈਂਸ, ਇੰਦਰ ਪੈਰੀ ਨੂੰ ਧਕਮਾਉਣ ਦੇ ਅੰਦਾਜ਼ ਵਿਚ ਗੱਲ ਕਰ ਰਿਹਾ ਸੀ।
ਬਿਸ਼ਨੋਈ ਦੇ ਆਡੀਓ ਕਲਿੱਪ ਦੇ ਖ਼ਾਸ ਪੱਖ
ਇੰਟਰਨੈੱਟ ਮੀਡੀਆ ’ਤੇ ਵਾਇਰਲ ਇਸ ਆਡੀਓ ਕਲਿੱਪ ਵਿਚ ਗੋਲਡੀ ਬਰਾੜ ਕਹਿ ਰਿਹਾ ਹੈ ਕਿ ਪੈਰੀ ਵਾਲੇ ਮਾਮਲੇ ਵਿਚ ਉਸ ਨੂੰ ਕੁਝ ਗੱਲਾਂ ਕਲੀਅਰ ਕਰਨੀਆਂ ਹਨ। ਗੋਲਡੀ ਨੇ ਪੈਰੀ ਤੇ ਦੁਬਾਈ ਵਿਚ ਸਿੱਪੇ ਦੇ ਕਤਲ ਅਤੇ ਗੈਂਗਸਟਰ ਵਿੱਕੀ ਟਾਲ਼ੇ ਦੀ ਭੂਮਿਕਾ ਬਾਰੇ ਲਾਰੈਂਸ ਨੂੰ ਸਵਾਲ ਕੀਤੇ ਹਨ। ਗੋਲਡੀ ਪੁੱਛਦਾ ਹੈ ਕਿ ਲਾਰੈਂਸ ਨੇ ਪੈਰੀ ਨੂੰ ਕਿਹਾ ਸੀ ਕਿ ਉਸ ਨੇ ਸਿੱਧੀ ਗੱਲ ਕਰਨੀ ਹੈ, ਤੂੰ ਸੈਕਟਰ 10 ਜਾਂ 26 ਵਿਚ ਆ ਜਾ, ਉਥੇ ਤੈਨੂੰ ਇਕ ਮੁੰਡਾ ਫੋਨ ਦੇਣ ਆਉਂਦਾ ਹੈ। ਉਸ ਦੇ ਨਾਲ ਇਕ ਘੰਟਾ ਗੱਲਾਂ ਕਰਦਾ ਰਿਹਾ ਤੇ ਉਸ ਨੂੰ ਯਕੀਨ ਵਿਚ ਲੈ ਲਿਆ। ਜਿਹੜਾ ਲੜਕਾ ਉਸ ਨੂੰ ਫੋਨ ਦੇਣ ਆਇਆ, ਬਾਅਦ ਵਿਚ ਉਸੇ ਨੇ ਨਾਲ ਵਾਲੀ ਸੀਟ ਉੱਤੇ ਬੈਠ ਕੇ ਪੈਰੀ ’ਤੇ ਗੋਲੀਆਂ ਚਲਾ ਦਿੱਤੀਆਂ।