ਲਾਰੈਂਸ ਗੈਂਗ ਵੱਲੋਂ ਬਾਲੀਵੁੱਡ ਸਿੰਗਰ ਬੀ-ਪਰਾਕ ਤੋਂ 10 ਕਰੋੜ ਦੀ ਫਿਰੌਤੀ ਦੀ ਮੰਗ, ਮੁਹਾਲੀ ਪੁਲਿਸ ਵੱਲੋਂ ਜਾਂਚ ਸ਼ੁਰੂ
ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਬੀ-ਪਰਾਕ ਨੂੰ ਲਾਰੈਂਸ ਗੈਂਗ ਵੱਲੋਂ 10 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਦਿੱਤੀ ਗਈ ਹੈ। ਗੈਂਗਸਟਰ ਆਰਜ਼ੂ ਬਿਸ਼ਨੋਈ ਨੇ ਬੀ-ਪਰਾਕ ਦੇ ਕਰੀਬੀ ਸਾਥੀ ਅਤੇ ਗਾਇਕ ਦਿਲਨੂਰ ਬਬਲੂ ਨੂੰ ਵੌਇਸ ਮੈਸੇਜ ਭੇਜ ਕੇ ਇਹ ਧਮਕੀ ਦਿੱਤੀ ਹੈ।
Publish Date: Sat, 17 Jan 2026 05:59 PM (IST)
Updated Date: Sat, 17 Jan 2026 06:01 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਬੀ-ਪਰਾਕ ਨੂੰ ਲਾਰੈਂਸ ਗੈਂਗ ਵੱਲੋਂ 10 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਦਿੱਤੀ ਗਈ ਹੈ। ਗੈਂਗਸਟਰ ਆਰਜ਼ੂ ਬਿਸ਼ਨੋਈ ਨੇ ਬੀ-ਪਰਾਕ ਦੇ ਕਰੀਬੀ ਸਾਥੀ ਅਤੇ ਗਾਇਕ ਦਿਲਨੂਰ ਬਬਲੂ ਨੂੰ ਵੌਇਸ ਮੈਸੇਜ ਭੇਜ ਕੇ ਇਹ ਧਮਕੀ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਕੇ ਸਾਈਬਰ ਕਰਾਈਮ ਬਰਾਂਚ ਰਾਹੀਂ ਜਾਂਚ ਤੇਜ਼ ਕਰ ਦਿੱਤੀ ਹੈ।
ਧਮਕੀ ਭਰਿਆ ਵੌਇਸ ਮੈਸੇਜ ਅਤੇ ਫਿਰੌਤੀ
ਸੈਕਟਰ-99 ਮੁਹਾਲੀ ਦੇ ਰਹਿਣ ਵਾਲੇ ਗਾਇਕ ਦਿਲਨੂਰ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਫੋਨ ਆ ਰਹੇ ਸਨ। 6 ਜਨਵਰੀ ਨੂੰ ਆਰਜ਼ੂ ਬਿਸ਼ਨੋਈ ਨੇ ਵ੍ਹਟਸਐੱਪ 'ਤੇ ਇਕ ਵੌਇਸ ਮੈਸੇਜ ਭੇਜਿਆ, ਜਿਸ ਵਿਚ ਕਿਹਾ ਗਿਆ ਕਿ "ਆਪਣੇ ਦੋਸਤ ਬੀ-ਪਰਾਕ ਨੂੰ ਕਹਿ ਦੇ ਕਿ ਸਾਨੂੰ 10 ਕਰੋੜ ਰੁਪਏ ਦੇ ਦੇਵੇ। ਤੁਹਾਡੇ ਕੋਲ ਇਕ ਹਫ਼ਤੇ ਦਾ ਸਮਾਂ ਹੈ। ਜੇਕਰ ਸਾਡੇ ਨਾਲ ਮਿਲ ਕੇ ਨਾ ਚੱਲੇ ਤਾਂ ਚਾਹੇ ਕਿਸੇ ਵੀ ਮੁਲਕ ਵਿਚ ਚਲੇ ਜਾਓ, ਮਿੱਟੀ ਵਿਚ ਮਿਲਾ ਦਿਆਂਗੇ।"
ਸੁਰੱਖਿਆ ਦੀ ਮੰਗ ਅਤੇ ਪੁਲਿਸ ਕਾਰਵਾਈ
ਦਿਲਨੂਰ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣੀ ਅਤੇ ਬੀ-ਪਰਾਕ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਸ ਨੇ ਕਿਹਾ ਕਿ ਇਸ ਧਮਕੀ ਕਾਰਨ ਉਹ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਦਿਲਨੂਰ ਮੁਤਾਬਕ, ਸ਼ੂਟਿੰਗ ਅਤੇ ਸ਼ੋਅਜ਼ ਲਈ ਉਨ੍ਹਾਂ ਨੂੰ ਅਕਸਰ ਬਾਹਰ ਜਾਣਾ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਮੁਹਾਲੀ ਪੁਲਿਸ ਨੇ ਸਿੰਗਰ ਬੀ-ਪਰਾਕ ਦੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸਾਈਬਰ ਕਰਾਈਮ ਬਰਾਂਚ ਨੰਬਰਾਂ ਦੀ ਡਿਟੇਲ ਖੰਗਾਲ ਰਹੀ ਹੈ।