ਹਾਲਾਂਕਿ ਮੁੱਖ ਮੰਤਰੀ ਸਮੇਤ ਆਪ ਆਗੂ ਸਰਕਾਰ ਨੂੰ ਕੋਈ ਖ਼ਤਰਾ ਨਾ ਹੋਣ ਦੀ ਗੱਲ ਕਰਦੇ ਹਨ, ਪਰ ਅੰਦਰੋ ਅੰਦਰੀ ਪਾਰਟੀ ਲੀਡਰਸ਼ਿਪ ਨੂੰ ਵਿਧਾਇਕਾਂ ਦੇ ਟੁੱਟਣ ਦਾ ਖਦਸ਼ਾ ਡਰਾ ਰਿਹਾ ਹੈ। ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਨਾਲ ਰਾਬਤਾ ਵਧਾਉਂਦੇ ਹੋਏ ਮਿਲਣਾ ਸ਼ੁਰੂ ਕਰ ਦਿੱਤਾ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ :ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਧਾਇਕਾਂ ਨੂੰ ਤੋੜ੍ਹਨ ਦੀਆਂ ਚੱਲ ਰਹੀਆਂ ਅਟਕਲਾਂ ਅਤੇ ਪਾਰਟੀ ਵਰਕਰਾਂ ਦੇ ਟੁੱਟ ਰਹੇ ਮਨੋਬਲ ਨੂੰ ਵਧਾਉਣ ਦੇ ਮੱਦੇਨਜ਼ਰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਡੈਮੇਜ਼ ਕੰਟਰੌਲ ਕਰਨ ਵਿਚ ਜੁਟ ਗਏ ਹਨ। ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਆਗੂਆਂ ਵਲੋਂ ਲਗਾਤਾਰ ਇਹ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਪਾਰਟੀ ਦੇ ਕਈ ਵਿਧਾਇਕ ਤੇ ਐੱਮਪੀ ਵੀ ਆਪ ਦਾ ਸਾਥ ਛੱਡ ਦੇਣਗੇ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਆਪ ਦੇ ਕਈ ਵਿਧਾਇਕ ਪਾਰਟੀ ਛੱਡ ਦੇਣਗੇ। ਆਪ ਸਰਕਾਰ ਟੁੱਟ ਜਾਵੇਗੀ ਅਤੇ ਸੂਬੇ ਵਿਚ ਰਾਸ਼ਟਰਪਤੀ ਸਾਸ਼ਨ ਲੱਗ ਜਾਵੇਗਾ।
ਹਾਲਾਂਕਿ ਮੁੱਖ ਮੰਤਰੀ ਸਮੇਤ ਆਪ ਆਗੂ ਸਰਕਾਰ ਨੂੰ ਕੋਈ ਖ਼ਤਰਾ ਨਾ ਹੋਣ ਦੀ ਗੱਲ ਕਰਦੇ ਹਨ, ਪਰ ਅੰਦਰੋ ਅੰਦਰੀ ਪਾਰਟੀ ਲੀਡਰਸ਼ਿਪ ਨੂੰ ਵਿਧਾਇਕਾਂ ਦੇ ਟੁੱਟਣ ਦਾ ਖਦਸ਼ਾ ਡਰਾ ਰਿਹਾ ਹੈ। ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਨਾਲ ਰਾਬਤਾ ਵਧਾਉਂਦੇ ਹੋਏ ਮਿਲਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਇਕੱਲੇ ਇਕੱਲੇ ਤੌਰ ’ਤੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਇਸਤੋ ਪਹਿਲਾਂ ਸਿਹਤ ਮੰਤਰੀ ਡਾ ਬਲਵੀਰ ਸਿੰਘ ਵੀ ਮਿਲ ਚੁੱਕੇ ਹਨ।
ਇਥੇ ਦੱਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਜਲੰਧਰ ਵਿਚ ਪਾਰਟੀ ਵਿਧਾਇਕਾਂ ਤੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ 65 ਦੇ ਕਰੀਬ ਵਿਧਾਇਕ ਸ਼ਾਮਲ ਹੋਏ ਸਨ। ਕਈ ਵਿਧਾਇਕਾਂ ਦੇ ਗੈਰਹਾਜ਼ਰ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਸੂਤਰ ਦੱਸਦੇ ਹਨ ਕਿ ਪਾਰਟੀ ਦੇ ਵਿਧਾਇਕ ਕਾਫ਼ੀ ਪਰੇਸ਼ਾਨ ਹਨ ਕਿਉਂਕਿ ਅਫ਼ਸਰਸ਼ਾਹੀ ਵਿਧਾਇਕਾਂ ਨੂੰ ਤਵੱਜੋ ਨਹੀਂ ਦੇ ਰਹੀ । ਕਈ ਵਿਧਾਇਕਾਂ ਨੇ ਦੱਸਿਆ ਕਿ ਅਫ਼ਸਰ ਪਾਰਟੀ ਹਾਈਕਮਾਨ ਨੂੰ ਸਿੱਧੀ ਰਿਪੋਰਟ ਕਰਦੇ ਹਨ ਅਤੇ ਉਹ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪਰਵਾਹ ਨਹੀਂ ਕਰ ਰਹੇ। ਜਿਸ ਕਰਕੇ ਪਾਰਟੀ ਦੇ ਆਗੂਆਂ, ਵਿਧਾਇਕਾਂ ਦਾ ਮਨੋਬਲ ਡਿੱਗ ਰਿਹਾ ਹੈ।
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਕਿਸੇ ਨੇ ਇਕ ਸਾਲ ਵਿਚ ਕੋਈ ਰਾਬਤਾ ਨਹੀਂ ਕੀਤਾ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਪਾਰਟੀ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਕੰਗ ਦੀ ਟਿੱਪਣੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਕ ਵਿਧਾਇਕ ਨੇ ਨਾਮ ਗੁਪਤ ਰੱਖਣ ’ਤੇ ਦੱਸਿਆ ਕਿ ਸਾਰੇ ਵਿਧਾਇਕਾਂ ਨੂੰ ਨਹੀਂ ਬਲਕਿ ਕੁੱਝ ਚੁਨਿੰਦਾਂ ਵਿਧਾਇਕਾਂ ਨੂੰ ਬੁਲਾਇਆ ਜਾ ਰਿਹਾ ਹੈ। ਕਈ ਵਿਧਾਇਕਾਂ ਬਾਰੇ ਪਾਰਟੀ ਬਦਲਣ ਜਾਂ ਟਿਕਟਾਂ ਕੱਟਣ ਦੀਆਂ ਅਫਵਾਹਾਂ ਵੀ ਉਡ ਰਹੀਆਂ ਹਨ। ਇਕ ਹੋਰ ਵਿਧਾਇਕ ਨੇ ਦੱਸਿਆ ਕਿ ਪਾਰਟੀ ਨੇ ਹਲਕਾ ਪੱਧਰ ’ਤੇ ਸਰਵੈ ਕਰਵਾਇਆ ਹੈ, ਜਿਹੜੇ ਵਿਧਾਇਕਾਂ ਦੀ ਰਿਪੋਰਟ ਚੰਗੀ ਆਈ ਹੈ, ਉਹਨਾਂ ਨੂੰ ਕੇਜਰੀਵਾਲ ਨੇ ਮਿਲਣਾ ਸ਼ੁਰੂ ਕੀਤਾ ਹੈ। ਕੇਜਰੀਵਾਲ ਆਉਣ ਵਾਲੇ ਦਿਨਾਂ ਵਿਚ ਕਿੰਨਾਂ ਕੁ ਡੈਮੇਜ਼ ਕੰਟਰੌਲ ਕਰਨ ਸਕਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ।