ਪੱਤਰਕਾਰ ਸਤਨਾਮ ਗਿੱਲ ਸੰਭਾਲ ਸਕਦੈ ਸਹਿਜਧਾਰੀ ਸਿੱਖ ਪਾਰਟੀ ਦੀ ਜ਼ਿੰਮੇਵਾਰੀ, ਪਾਰਟੀ ਸੁਪਰੀਮੋ ਡਾ. ਰਾਣੂ ਨੇ ਦਿੱਤਾ ਇਸ਼ਾਰਾ
ਇਹ ਵੀ ਚਰਚਾ ਹੈ ਕਿ ਆਮ ਆਦਮੀਂ ਪਾਰਟੀ ਦੀ ਨਿਰਾਸ਼ ਲੀਡਰਸ਼ਿਪ ਅਤੇ ਦੂਸਰੀਆਂ ਪਾਰਟੀਆਂ ’ਚ ਨੁਕਰੇ ਲਗਾਏ ਮਿਹਨਤੀ ਪਰ ਸਿਫਾਰਸ਼ਹੀਣ ਲੀਡਰਾਂ ਨੂੰ ਸਹਿਜਧਾਰੀ ਸਿੱਖ ਪਾਰਟੀ ਰਾਜਨੀਤੀ ’ਚ ਮੂਹਰਲੀਆਂ ਸਫਾਂ ’ਚ ਲੈ ਕੇ ਜਾਵੇਗੀ।
Publish Date: Mon, 18 May 2026 12:30 PM (IST)
Updated Date: Mon, 18 May 2026 12:38 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਮੁਹਾਲੀ : ਸਮਾਜਿਕ ਹਲਕਿਆਂ ’ਚ ਵੱਖਰੀ ਪਛਾਣ ਰੱਖਣ ਵਾਲੇ ਅਤੇ ਸਮਾਜ ਦੇ ਹੱਕ ’ਚ ਚੰਗੇ ਨਤੀਜੇ ਦੇਣ ਵਾਲੇ ਪੱਤਰਕਾਰ ਸਤਨਾਮ ਸਿੰਘ ਗਿੱਲ ਹੁਣ ਰਾਜਨੀਤੀ ਵੱਲ ਰੁਖ਼ ਕਰਨਗੇ। ਦੱਸਦਈਏ ਕਿ ਸਤਨਾਮ ਸਿੰਘ ਗਿੱਲ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਬਾਨੀ ਪ੍ਰਧਾਨ ਅਤੇ ਮੀਡੀਆ ਖੇਤਰ ’ਚ ਚੰਗੀ ਜਾਣ ਪਛਾਣ ਰੱਖਦੇ ਹਨ।
25 ਫ਼ੀਸਦੀ ਕੋਟੇ ਦੀਆਂ ਸੀਟਾਂ ’ਤੇ ਗਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਲੇ ਕਨੂੰਨ ਨੂੰ ਰਾਜ ਅੰਦਰ ਲਾਗੂ ਕਰਵਾਉਣ ਲਈ ਉਹ ਬਤੌਰ ਪਟੀਸ਼ਨਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਚਾਰਾਜੋਈ ਕਰਨ ਵਾਲੇ ਅਜਿਹੇ ਸਖ਼ਸ਼ ਹਨ, ਜਿਨ੍ਹਾਂ ਨੇ ਵਿਆਪਕ ਤੌਰ ’ਤੇ ਪ੍ਰਾਈਵੇਟ ਐਜੂਕੇਸ਼ਨ ਮਾਫ਼ੀਆ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ।
ਪੰਜਾਬ ਨੂੰ ਲਾਲ ਲਕੀਰ ਤੋਂ ਮੁਕਤ ਕਰਵਾਉਣ ਦੇ ਸੰਕਲਪ ਨੂੰ ਸਿਰੇ ਚਾੜਨ ’ਚ ਬਣਦਾ ਸਹਿਯੋਗ ਕਰਨ ਦੇ ਨਾਲ-ਨਾਲ ਜੇਲ੍ਹਾਂ ਦੇ ਮਾਮਲਿਆਂ ’ਚ ਜੇਲ੍ਹ ਪ੍ਰਸ਼ਾਸਨ ਨੂੰ ਘੇਰਨ ਵਾਲੇ ਸਤਨਾਮ ਸਿੰਘ ਗਿੱਲ ਐੱਨਡੀਏ ਦੀ ਭਾਈਵਾਲ ਧਿਰ ਆਰਪੀਆਈ (ਅਠਾਵਲੇ) ਦੇ ਪੰਜਾਬ ਯੂਨਿਟ ਦੇ ਕਨਵੀਅਨਰ ਵਜੋਂ ਪੰਜਾਬ ਦੇ ਰਾਜਨੀਤਕ ਹਲਕਿਆਂ ’ਚ ਵਿਚਰ ਚੁੱਕੇ ਹਨ।
ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿਖੇ ਭੱਟੀ ਭੜੀ ਵਾਲੇ ਉਰਫ਼ ਜਸਵਿੰਦਰ ਸਿੰਘ ਭੱਟੀ ਅਤੇ ਡਾ. ਪਰਮਜੀਤ ਸਿੰਘ ਰਾਣੂ ਨਾਲ ਮੀਟਿੰਗ ਦੌਰਾਨ ਏਜੰਡਿਆਂ ਨੂੰ ਵਿਚਾਰਨ ਉਪਰੰਤ ਆਉੁਂਣ ਵਾਲੇ ਸਮੇਂ ’ਚ ਪੰਜਾਬ ਦੇ ਸਿਆਸੀ ਹਲਕਿਆਂ ’ਚੋਂ ਕੈਲੀਬਰ ਅਤੇ ਮਿਹਨਤੀ ਵਲੰਟੀਅਰਾਂ ਨੂੰ ਸਹਿਜਧਾਰੀ ਸਿੱਖ ਪਾਰਟੀ ਦੀ ਪ੍ਰਤੀਨਿਧਤਾ ਦਿਵਾਉਂਣਗੇ।
ਰਿਜ਼ਰਵ ਹਲਕਾ ਬਾਬਾ ਬਕਾਲਾ ਸਾਹਿਬ ਜਿਸ ਨੂੰ ਪੰਥਕ ਹਲਕਾ ਸਮਝਿਆ ਜਾਂਦਾ ਹੈ ਇਸ ਵਾਰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਸਿੱਖਾਂ ਦੀ ਨਿਰੌਲ ਰਾਜਸੀ ਧਿਰ ਵਜੋਂ ਸਹਿਜਧਾਰੀ ਸਿੱਖ ਪਾਰਟੀ ਵਜੋਂ ਮਾਨਤਾ ਦੇਣ ਕਰਕੇ ਪੰਥਕ ਸੀਟ ਇਸ ਵਾਰ ਪੰਥਕ ਪਾਰਟੀ ਨੂੰ ਹੀ ਮਿਲਣ ਦੀ ਸੰਭਾਵਨਾ ਬਣ ਸਕੇਗੀ।
ਇਹ ਵੀ ਚਰਚਾ ਹੈ ਕਿ ਆਮ ਆਦਮੀਂ ਪਾਰਟੀ ਦੀ ਨਿਰਾਸ਼ ਲੀਡਰਸ਼ਿਪ ਅਤੇ ਦੂਸਰੀਆਂ ਪਾਰਟੀਆਂ ’ਚ ਨੁਕਰੇ ਲਗਾਏ ਮਿਹਨਤੀ ਪਰ ਸਿਫਾਰਸ਼ਹੀਣ ਲੀਡਰਾਂ ਨੂੰ ਸਹਿਜਧਾਰੀ ਸਿੱਖ ਪਾਰਟੀ ਰਾਜਨੀਤੀ ’ਚ ਮੂਹਰਲੀਆਂ ਸਫਾਂ ’ਚ ਲੈ ਕੇ ਜਾਵੇਗੀ। ਆਉਣ ਵਾਲੇ ਦਿਨਾਂ ’ਚ ਬਾਬਾ ਬਕਾਲਾ ਦੀ ਸਿਆਸਤ ਹੀ ਨਹੀਂ ਸਗੋਂ ਪੰਜਾਬ ਦੀ ਰਾਜਨੀਤੀ ’ਚ ਕੁਝ ਵੱਡਾ ਫੇਰਬਦਲ ਵੇਖਣ ਨੂੰ ਮਿਲੇਗਾ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ।