ਜਾਂਚ ਟੀਮ ਨੇ ਉਸ ਯਾਤਰੀ ਤੋਂ ਵੀ ਪੁੱਛਗਿੱਛ ਕੀਤੀ ਹੈ, ਜਿਸ ਦੇ ਪਾਵਰ ਬੈਂਕ ਨੂੰ ਅੱਗ ਲੱਗੀ ਸੀ। ਮੁੱਢਲੀ ਜਾਣਕਾਰੀ ਵਿਚ ਇਹ ਸਾਹਮਣੇ ਆਇਆ ਹੈ ਕਿ ਘਟਨਾ ਸਮੇਂ ਯਾਤਰੀ ਆਪਣਾ ਮੋਬਾਈਲ ਫ਼ੋਨ ਪਾਵਰ ਬੈਂਕ ਤੋਂ ਚਾਰਜ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਪਾਵਰ ਬੈਂਕ ਦੇ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਜਹਾਜ਼ ਦੇ ਅੰਦਰ ਹਫੜਾ-ਦਫੜੀ ਮਚ ਗਈ। ਹਾਲਾਂਕਿ, ਕੈਬਿਨ ਕਰੂ ਦੀ ਮੁਸਤੈਦੀ ਨਾਲ ਸਥਿਤੀ ਨੂੰ ਜਲਦੀ ਕਾਬੂ ਕਰ ਲਿਆ ਗਿਆ, ਪਰ ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਣਾ ਪਿਆ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ’ਤੇ ਮੰਗਲਵਾਰ ਨੂੰ ਇੰਡੀਗੋ ਹਾਦਸੇ ਤੋਂ ਬਾਅਦ ਬੁੱਧਵਾਰ ਨੂੰ ਦੂਜੇ ਦਿਨ ਮਾਮਲੇ ਦੀ ਜਾਂਚ ਲਈ ਇੰਡੀਗੋ ਏਅਰਲਾਈਨਜ਼ ਅਤੇ ਡੀਜੀਸੀਏ ਦੀ ਸਾਂਝੀ ਟੀਮ ਏਅਰਪੋਰਟ ’ਤੇ ਪਹੁੰਚੀ ਅਤੇ ਪੂਰਾ ਦਿਨ ਘਟਨਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।
ਸੂਤਰਾਂ ਮੁਤਾਬਕ ਜਿਸ ਜਹਾਜ਼ ਵਿਚ ਇਹ ਹਾਦਸਾ ਹੋਇਆ ਸੀ, ਉਹ ਅਜੇ ਵੀ ਮੁਹਾਲੀ ਏਅਰਪੋਰਟ 'ਤੇ ਹੀ ਖੜ੍ਹਾ ਹੈ ਅਤੇ ਫਿਲਹਾਲ ਉਡਾਣ ਸੇਵਾ ਲਈ ਨਹੀਂ ਵਰਤਿਆ ਜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਜਹਾਜ਼ ਦੇ ਐਮਰਜੈਂਸੀ ਸਲਾਈਡਰ ਖੋਲ੍ਹਣੇ ਪਏ ਸਨ, ਜਿਸ ਕਾਰਨ ਜਹਾਜ਼ ਤਕਨੀਕੀ ਜਾਂਚ ਅਤੇ ਜ਼ਰੂਰੀ ਮੁਰੰਮਤ ਪੂਰੀ ਹੋਣ ਤੱਕ ਵਰਤੋਂ ਤੋਂ ਬਾਹਰ ਰਹੇਗਾ।
ਜਾਂਚ ਟੀਮ ਨੇ ਉਸ ਯਾਤਰੀ ਤੋਂ ਵੀ ਪੁੱਛਗਿੱਛ ਕੀਤੀ ਹੈ, ਜਿਸ ਦੇ ਪਾਵਰ ਬੈਂਕ ਨੂੰ ਅੱਗ ਲੱਗੀ ਸੀ। ਮੁੱਢਲੀ ਜਾਣਕਾਰੀ ਵਿਚ ਇਹ ਸਾਹਮਣੇ ਆਇਆ ਹੈ ਕਿ ਘਟਨਾ ਸਮੇਂ ਯਾਤਰੀ ਆਪਣਾ ਮੋਬਾਈਲ ਫ਼ੋਨ ਪਾਵਰ ਬੈਂਕ ਤੋਂ ਚਾਰਜ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਪਾਵਰ ਬੈਂਕ ਦੇ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਜਹਾਜ਼ ਦੇ ਅੰਦਰ ਹਫੜਾ-ਦਫੜੀ ਮਚ ਗਈ। ਹਾਲਾਂਕਿ, ਕੈਬਿਨ ਕਰੂ ਦੀ ਮੁਸਤੈਦੀ ਨਾਲ ਸਥਿਤੀ ਨੂੰ ਜਲਦੀ ਕਾਬੂ ਕਰ ਲਿਆ ਗਿਆ, ਪਰ ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਣਾ ਪਿਆ।
ਇਸ ਹਾਦਸੇ ਵਿਚ ਕਰੀਬ ਪੰਜ ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚੋਂ ਚੰਡੀਗੜ੍ਹ ਦੀ ਰਿਚਾ ਨੂੰ ਸਭ ਤੋਂ ਗੰਭੀਰ ਸੱਟਾਂ ਲੱਗੀਆਂ ਸਨ। ਹਾਦਸੇ ਦੌਰਾਨ ਜਹਾਜ਼ ’ਚੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਦੀ ਲੱਤ ਵਿਚ ਮਲਟੀਪਲ ਫਰੈਕਚਰ ਹੋ ਗਏ ਸੀ। ਉਨ੍ਹਾਂ ਨੂੰ ਪਹਿਲਾਂ ਇਲਾਜ ਲਈ ਜ਼ੀਰਕਪੁਰ ਦੇ ਏਐੱਮ ਕੇਅਰ ਹਸਪਤਾਲ ਲਿਜਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਬਿਹਤਰ ਮੈਡੀਕਲ ਸਹੂਲਤ ਲਈ ਉਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਬੁੱਧਵਾਰ ਨੂੰ ਉਨ੍ਹਾਂ ਦਾ ਸਫਲ ਆਪਰੇਸ਼ਨ ਕੀਤਾ ਗਿਆ।
ਦੂਜੇ ਪਾਸੇ, ਏਅਰਪੋਰਟ ਅਤੇ ਹਵਾਬਾਜ਼ੀ ਸੁਰੱਖਿਆ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਪਾਵਰ ਬੈਂਕ ਨੂੰ ਅੱਗ ਲੱਗਣ ਦਾ ਅਸਲ ਕਾਰਨ ਤਕਨੀਕੀ ਖ਼ਰਾਬੀ ਸੀ, ਜ਼ਿਆਦਾ ਗਰਮ (ਓਵਰਹੀਟਿੰਗ) ਹੋਣਾ ਸੀ ਜਾਂ ਵਰਤੋਂ ਦੌਰਾਨ ਯਾਤਰੀ ਕੋਲੋਂ ਕੋਈ ਗ਼ਲਤੀ ਹੋਈ ਸੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਤਸਵੀਰ ਸਾਫ਼ ਹੋ ਸਕੇਗੀ।