ਪਿੰਡ ਸੁੰਡਰਾ 'ਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ: ਰਾਤ ਨੂੰ ਸੜਕਾਂ 'ਤੇ ਟਿੱਪਰਾਂ ਦਾ ਹੜ੍ਹ, ਪ੍ਰਸ਼ਾਸਨ ਅਣਜਾਣ
ਪਿੰਡ ਸੁੰਡਰਾ 'ਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ: ਰਾਤ ਨੂੰ ਸੜਕਾਂ 'ਤੇ ਟਿੱਪਰਾਂ ਦਾ ਹੜ੍ਹ, ਪ੍ਰਸ਼ਾਸਨ ਅਣਜਾਣ!
Publish Date: Wed, 19 Nov 2025 06:08 PM (IST)
Updated Date: Wed, 19 Nov 2025 06:10 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਸੁੰਡਰਾ ਦੇ ਖੇਤਰਾਂ ’ਚ ਮਿੱਟੀ ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਧੰਦਾ ਪੂਰੀ ਤਰ੍ਹਾਂ ਧੜੱਲੇ ਨਾਲ ਚੱਲ ਰਿਹਾ ਹੈ। ਇੱਥੇ ਦਿਨ ਵੇਲੇ ਤਾਂ ਮਸ਼ੀਨਰੀ ਦੀ ਹਲਚਲ ਘੱਟ ਨਜ਼ਰ ਆਉਂਦੀ ਹੈ, ਪਰ ਜਿਉਂ ਹੀ ਰਾਤ ਹੁੰਦੀ ਹੈ, ਮਾਈਨਿੰਗ ਕਰਨ ਵਾਲੇ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ। ਪਿੰਡ ਵਾਸੀਆਂ ਦੇ ਅਤੇ ਸਥਾਨਕ ਲੋਕਾਂ ਮੁਤਾਬਕ, ਰਾਤ ਸਮੇਂ ਇਨ੍ਹਾਂ ਪਿੰਡਾਂ ਨੂੰ ਜਾਣ ਵਾਲੀਆਂ ਅਤੇ ਇੱਥੋਂ ਨਿਕਲਣ ਵਾਲੀਆਂ ਸੜਕਾਂ ਤੇ ਟਰੈਕਟਰ ਟਰਾਲੀਆਂ ਅਤੇ ਵੱਡੇ ਟਿੱਪਰਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ। ਇਹ ਵਾਹਨ ਨਾਜਾਇਜ਼ ਤੌਰ ਤੇ ਕੱਢੀ ਗਈ ਮਿੱਟੀ ਅਤੇ ਰੇਤ ਨੂੰ ਭਰ ਕੇ ਤੇਜ਼ ਰਫ਼ਤਾਰ ਨਾਲ ਲੰਘਦੇ ਹਨ, ਜਿਸ ਕਾਰਨ ਨਾ ਸਿਰਫ਼ ਸੜਕਾਂ ਟੁੱਟ ਰਹੀਆਂ ਹਨ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨਾਜਾਇਜ਼ ਖ਼ੁਦਾਈ ਦਾ ਕੰਮ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਕੋਈ ਖ਼ਬਰ ਨਹੀਂ ਹੈ, ਜਾਂ ਫਿਰ ਉਹ ਜਾਣ-ਬੁੱਝ ਕੇ ਇਸ ਪ੍ਰਤੀ ਅਣਜਾਣ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਾਰਵਾਈ ਨਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਨਾਜਾਇਜ਼ ਮਾਈਨਿੰਗ ਕਾਰਨ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਤੋਂ ਇਸ ਨਾਜਾਇਜ਼ ਧੰਦੇ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਸਰਕਾਰੀ ਖ਼ਜ਼ਾਨੇ ਦੀ ਲੁੱਟ ਅਤੇ ਵਾਤਾਵਰਨ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।