ਆਪਣੇ ਬੇਟੇ ਦੀ ਮੌਤ ਤੋਂ ਦੁਖੀ ਕਾਰਤਿਕ ਦੀ ਮਾਂ ਪੋਪਲੀ ਨੇ ਮੀਡੀਆ ਸਾਹਮਣੇ ਪੰਜਾਬ ਸਰਕਾਰ ਤੇ ਪੁਲਿਸ 'ਤੇ ਖੁੱਲ੍ਹੇਆਮ ਗੁੰਡਾਗਰਦੀ ਦੇ ਦੋਸ਼ ਲਾਏ। ਇਸ ਦੇ ਨਾਲ ਹੀ ਸਰਕਾਰ ਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਆਈਏਐਸ ਅਧਿਕਾਰੀ ਸੰਜੇ ਪੋਪਲੀ (IAS Sanjay Popli) ਦੇ 26 ਸਾਲਾ ਪੁੱਤਰ ਕਾਰਤਿਕ ਪੋਪਲੀ (Kartik Popli) ਨੇ ਸ਼ਨਿੱਚਰਵਾਰ ਨੂੰ ਲਾਇਸੈਂਸੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਕਾਰਤਿਕ ਨੇ ਉਸ ਸਮੇਂ ਆਪਣੇ ਆਪ ਨੂੰ ਗੋਲ਼ੀ ਮਾਰ ਲਈ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਜਾਂਚ ਲਈ ਚੰਡੀਗੜ੍ਹ ਦੇ ਸੈਕਟਰ-11 ਏ ਸਥਿਤ ਸੰਜੇ ਪੋਪਲੀ ਦੀ ਕੋਠੀ 'ਚ ਪਹੁੰਚੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਕਾਰਤਿਕ ਨੂੰ ਵਿਜੀਲੈਂਸ ਟੀਮ ਨੇ ਗੋਲ਼ੀ ਮਾਰੀ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਕਾਰਤਿਕ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ।
ਆਪਣੇ ਬੇਟੇ ਦੀ ਮੌਤ ਤੋਂ ਦੁਖੀ ਕਾਰਤਿਕ ਦੀ ਮਾਂ ਪੋਪਲੀ ਨੇ ਮੀਡੀਆ ਸਾਹਮਣੇ ਪੰਜਾਬ ਸਰਕਾਰ ਤੇ ਪੁਲਿਸ 'ਤੇ ਖੁੱਲ੍ਹੇਆਮ ਗੁੰਡਾਗਰਦੀ ਦੇ ਦੋਸ਼ ਲਾਏ। ਇਸ ਦੇ ਨਾਲ ਹੀ ਸਰਕਾਰ ਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਮੇਰੇ ਬੇਟੇ ਨੂੰ ਵਿਜੀਲੈਂਸ ਅਫਸਰ ਨੇ ਅੱਖਾਂ ਸਾਹਮਣੇ ਗੋਲ਼ੀ ਮਾਰ ਦਿੱਤੀ। ਜਦੋਂ ਤਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਹੱਤਿਆ ਦੇ ਦੋਸ਼ੀਆਂ ਦੀ ਵਰਦੀ ਨਹੀਂ ਉਤਰਵਾ ਦਿੰਦੀ, ਹੱਥ 'ਚ ਲੱਗਿਆ ਪੁੱਤਰ ਦਾ ਖ਼ੂਨ ਨਹੀਂ ਧੋਵਾਂਗੀ।
ਸੰਜੇ ਪੋਪਲੀ ਦੀ ਪਤਨੀ ਨੇ ਪੱਤਰਕਾਰਾਂ ਨੂੰ ਕਿਹਾ, ‘ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਡੇ ’ਤੇ ਦਬਾਅ ਬਣਾਇਆ ਤੇ ਉਨ੍ਹਾਂ ਸਾਨੂੰ ਗ਼ਲਤ ਬਿਆਨ ਦੇਣ ਲਈ ਤਸੀਹੇ ਦਿੱਤੇ। ਮੇਰਾ ਜਵਾਨ ਬੇਟਾ ਚਲਾ ਗਿਆ ਹੈ। ਉਹ ਹੋਣਹਾਰ ਵਕੀਲ ਸੀ। ਉਨ੍ਹਾਂ ਨੇ ਉਸ ਨੂੰ ਖੋਹ ਲਿਆ ਹੈ।’ ਉਨ੍ਹਾਂ ਆਪਣੇ ਹੱਥ ’ਤੇ ਲੱਗੇ ਆਪਣੇ ਬੇਟੇ ਦੇ ਖ਼ੂਨ ਦੇ ਨਿਸ਼ਾਨ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਝੂਠੇ ਕੇਸ ਲਈ ਮੇਰੇ ਬੇਟੇ ਕਾਰਤਿਕ ਪੋਪਲੀ ਨੂੰ ਖੋਹ ਲਿਆ ਹੈ। ਮੈਨੂੰ ਇਨਸਾਫ਼ ਚਾਹੀਦਾ ਹੈ। ਮੈਂ ਅਦਾਲਤ ’ਚ ਜਾਵਾਂਗੀ। ਭਗਵੰਤ ਮਾਨ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਸੰਜੇ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਸੀ ਤੇ ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਘਰ ਆਈ ਸੀ। ਉਹ ਉਸ ਨੂੰ ਉੱਪਰ ਲੈ ਕੇ ਗਈ ਤੇ ਉਸ ਨੂੰ ਤਸੀਹੇ ਦਿੱਤੇ। ਇੱਥੋਂ ਤਕ ਕਿ ਸਾਡੇ ਮੋਬਾਈਲ ਫੋਨ ਵੀ ਖੋਹ ਲਏ ਗਏ ਸਨ। ਮੇਰਾ ਪੁੱਤਰ ਮਰ ਗਿਆ।
ਪੋਪਲੀ ਪਰਿਵਾਰ ਦੇ ਗੁਆਂਢ ’ਚ ਰਹਿਣ ਵਾਲੀ ਇਕ 51 ਸਾਲਾ ਔਰਤ ਨੇ ਕਿਹਾ ਕਿ ਵਿਜੀਲੈਂਸ ਦੇ ਅਧਿਕਾਰੀ ਪੋਪਲੀ ’ਤੇ ਦਬਾਅ ਪਾ ਰਹੇ ਸਨ ਕਿ ਉਹ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਵੀਕਾਰ ਕਰ ਲੈਣ। ਕਾਰਤਿਕ ਪੋਪਲੀ ਨੂੰ ਵੀ ਕਈ ਘੰਟਿਆਂ ਤਕ ਹਿਰਾਸਤ ’ਚ ਰੱਖਿਆ ਗਿਆ।