ਅਗਨੀਵੀਰ ਦੀ ਮੌਤ ਦੇ ਮਾਮਲੇ ’ਚ ਹਾਈ ਕੋਰਟ ਨੇ ਫੌਜ ਤੋਂ ਮੰਗਿਆ ਜਵਾਬ, ਮਾਪਿਆਂ ਨੂੰ ਜਾਣਕਾਰੀ ਦੇਣ ਦੇ ਹੁਕਮ
ਜਸਟਿਸ ਸੰਦੀਪ ਮੌਦਗਿਲ ਨੇ ਇਹ ਹੁਕਮ ਆਕਾਸ਼ਦੀਪ ਦੇ ਮਾਪੇ ਕਰਮਜੀਤ ਕੌਰ ਅਤੇ ਬਲਵਿੰਦਰ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ। ਪਰਿਵਾਰ ਨੇ ਅਦਾਲਤ ਨੂੰ ਦੱਸਿਆ ਕਿ 15 ਮਈ 2025 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਵੰਤੀਪੋਰਾ ਖੇਤਰ ਵਿੱਚ ਆਕਾਸ਼ਦੀਪ ਦੀ ਲਾਸ਼ ਰਹੱਸਮਈ ਹਾਲਾਤਾਂ ਵਿੱਚ ਮਿਲੀ ਸੀ।
Publish Date: Fri, 15 May 2026 08:24 AM (IST)
Updated Date: Fri, 15 May 2026 08:29 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਫਰੀਦਕੋਟ ਦੇ 20 ਸਾਲਾ ਅਗਨੀਵੀਰ ਆਕਾਸ਼ਦੀਪ ਸਿੰਘ ਦੀ ਰਹੱਸਮਈ ਮੌਤ ਦੇ ਮਾਮਲੇ ਵਿੱਚ ਫੌਜ ਨੂੰ ਸਪੱਸ਼ਟ ਅਤੇ ਕਾਨੂੰਨੀ ਤੌਰ ’ਤੇ ਸੰਤੋਸ਼ਜਨਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਮਾਪਿਆਂ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਨਾਲ ਜੁੜੇ ਹਰ ਪੱਖ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਕੋਈ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਵੇ।
ਜਸਟਿਸ ਸੰਦੀਪ ਮੌਦਗਿਲ ਨੇ ਇਹ ਹੁਕਮ ਆਕਾਸ਼ਦੀਪ ਦੇ ਮਾਪੇ ਕਰਮਜੀਤ ਕੌਰ ਅਤੇ ਬਲਵਿੰਦਰ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ। ਪਰਿਵਾਰ ਨੇ ਅਦਾਲਤ ਨੂੰ ਦੱਸਿਆ ਕਿ 15 ਮਈ 2025 ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਵੰਤੀਪੋਰਾ ਖੇਤਰ ਵਿੱਚ ਆਕਾਸ਼ਦੀਪ ਦੀ ਲਾਸ਼ ਰਹੱਸਮਈ ਹਾਲਾਤਾਂ ਵਿੱਚ ਮਿਲੀ ਸੀ।
ਪਰਿਵਾਰ ਦਾ ਦੋਸ਼ ਹੈ ਕਿ ਫੌਜ ਨੇ ਸਿਰਫ਼ ਫ਼ੋਨ ’ਤੇ ਮੌਤ ਦੀ ਸੂਚਨਾ ਦਿੱਤੀ, ਪਰ ਇਹ ਨਹੀਂ ਦੱਸਿਆ ਕਿ ਉਸ ਦੀ ਮੌਤ ਕਿਵੇਂ ਹੋਈ। ਪਟੀਸ਼ਨਰਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸ਼ੁਰੂ ਵਿੱਚ ਫੌਜ ਵੱਲੋਂ ਜਾਂਚ ਅਦਾਲਤ ਰਾਹੀਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਸੀ, ਪਰ ਕਈ ਮਹੀਨੇ ਬੀਤਣ ਬਾਵਜੂਦ ਪਰਿਵਾਰ ਨੂੰ ਨਾ ਤਾਂ ਜਾਂਚ ਰਿਪੋਰਟ ਦਿੱਤੀ ਗਈ ਅਤੇ ਨਾ ਹੀ ਕੋਈ ਅਧਿਕਾਰਕ ਜਾਣਕਾਰੀ।
ਪਟੀਸ਼ਨ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਪੋਸਟਮਾਰਟਮ ਕਰਵਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਆਕਾਸ਼ਦੀਪ ਦੇ ਸ਼ਰੀਰ ’ਤੇ ਤਿੰਨ ਗੋਲੀਆਂ ਦੇ ਨਿਸ਼ਾਨ ਸਨ। ਅਦਾਲਤ ਨੇ ਫੌਜੀ ਅਧਿਕਾਰੀਆਂ ਨੂੰ ਛੇ ਹਫ਼ਤਿਆਂ ਵਿੱਚ ਵਿਸਥਾਰਪੂਰਵਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।