ਪੰਜਾਬ 'ਚ ਹੜ੍ਹ ਲਈ ਲੋਕਾਂ ਨੇ ਜਿੰਨਾ ਵੀ ਬੀਬੀਐਮਬੀ ਨੂੰ ਦੋਸ਼ ਦਿੱਤਾ ਹੈ, ਉਸ ਦੌਰਾਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ 1988 ਤੋਂ ਬਾਅਦ ਪੰਜਾਬ 'ਚ ਚਾਰ ਵਾਰ ਵੱਧ ਬਰਸਾਤ ਹੋਈ ਹੈ, ਪਰ ਉਸ ਸਮੇਂ ਵੀ ਇੰਨਾ ਪਾਣੀ ਕਦੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 1988 'ਚ ਪੌਂਗ 'ਚ 7.9 ਬਿਲੀਅਨ ਕਿਊਬਿਕ ਮੀਟਰ (ਬੀਸੀਐਮ) ਪਾਣੀ ਆਇਆ ਸੀ ਜੋ ਇਸ ਸਾਲ 11.7 ਬੀਸੀਐਮ ਹੋ ਗਿਆ।
ਇੰਦਰਪ੍ਰੀਤ ਸਿੰਘ, ਜਾਗਰਣ ਚੰਡੀਗੜ੍ਹ : ਪੌਂਗ ਦੇ ਕੈਚਮੈਂਟ ਖੇਤਰ 'ਚ ਹੁਣ ਤਕ ਦੀ ਸਭ ਤੋਂ ਵੱਧ ਬਰਸਾਤ ਨੇ ਪੰਜਾਬ ਨੂੰ ਹੜ੍ਹ ਦੀ ਸਥਿਤੀ 'ਚ ਪਾ ਦਿੱਤਾ ਹੈ। ਸਤਲੁਜ ਅਤੇ ਬਿਆਸ 'ਚ ਆਏ ਹੜ੍ਹ ਦੇ ਸੰਦਰਭ 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਸ਼ੁੱਕਰਵਾਰ ਨੂੰ ਮੀਡੀਆ ਸਾਹਮਣੇ ਸਥਿਤੀ ਨੂੰ ਸਾਫ ਕਰਦਿਆਂ ਚਿਤਾਵਨੀ ਦਿੱਤੀ ਕਿ ਡੈਮ 'ਚ ਪਾਣੀ ਸੰਭਾਲਣ ਦੀ ਇਕ ਸੀਮਤ ਸਮਰੱਥਾ ਹੈ। ਜੇਕਰ ਇਸ ਤੋਂ ਵੱਧ ਪਾਣੀ ਆਇਆ ਤਾਂ ਉਸਨੂੰ ਡਾਊਨ ਸਟ੍ਰੀਮ 'ਚ ਛੱਡਣਾ ਪਵੇਗਾਸ, ਇਸ ਲਈ ਨਦੀਆਂ ਦੇ ਬੰਨ੍ਹ ਪੱਕੇ ਕਰਨਾ, ਉਨ੍ਹਾਂ ਦੀ ਸਫ਼ਾਈ ਆਦਿ ਕਰਵਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਪੰਜਾਬ 'ਚ ਹੜ੍ਹ ਲਈ ਲੋਕਾਂ ਨੇ ਜਿੰਨਾ ਵੀ ਬੀਬੀਐਮਬੀ ਨੂੰ ਦੋਸ਼ ਦਿੱਤਾ ਹੈ, ਉਸ ਦੌਰਾਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ 1988 ਤੋਂ ਬਾਅਦ ਪੰਜਾਬ 'ਚ ਚਾਰ ਵਾਰ ਵੱਧ ਬਰਸਾਤ ਹੋਈ ਹੈ, ਪਰ ਉਸ ਸਮੇਂ ਵੀ ਇੰਨਾ ਪਾਣੀ ਕਦੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ 1988 'ਚ ਪੌਂਗ 'ਚ 7.9 ਬਿਲੀਅਨ ਕਿਊਬਿਕ ਮੀਟਰ (ਬੀਸੀਐਮ) ਪਾਣੀ ਆਇਆ ਸੀ ਜੋ ਇਸ ਸਾਲ 11.7 ਬੀਸੀਐਮ ਹੋ ਗਿਆ। ਇਸ ਤੋਂ ਇਲਾਵਾ, 2023 ਵਿਚ 9.5 ਅਤੇ 2019 'ਚ 5.5 ਬੀਸੀਐਮ ਪਾਣੀ ਆਇਆ। ਉਨ੍ਹਾਂ ਕਿਹਾ ਕਿ ਡੈਮ ਦੀ ਸਮਰੱਥਾ 5.5 ਬੀਸੀਐਮ ਹੈ। ਜੇਕਰ ਇਸ ਤੋਂ ਵੱਧ ਪਾਣੀ ਆਇਆ ਤਾਂ ਉਸਨੂੰ ਛੱਡਣਾ ਪਵੇਗਾ। ਇਸੇ ਤਰ੍ਹਾਂ, ਭਾਖੜਾ 'ਚ ਇਸ ਸਾਲ 9.11 ਬੀਸੀਐਮ, 1988 ਵਿਚ 9.25 ਬੀਸੀਐਮ ਅਤੇ 2023 ਵਿਚ 9.18 ਬੀਸੀਐਮ ਪਾਣੀ ਆਇਆ ਸੀ।
ਮਨੋਜ ਤ੍ਰਿਪਾਠੀ ਨੇ ਕਿਹਾ ਕਿ ਡੈਮ ਨੂੰ ਭਰਦੇ ਸਮੇਂ ਭਾਰਤੀ ਮੌਸਮ ਵਿਗਿਆਨ ਵਿਭਾਗ, ਗਲੋਬਲ ਫਾਰਕਾਸਟ ਸਿਸਟਮ ਆਦਿ ਤੋਂ ਜਾਣਕਾਰੀ ਲੈ ਕੇ ਪਾਣੀ ਛੱਡਣ ਜਾਂ ਸਟੋਰ ਕਰਨ ਬਾਰੇ ਸਾਰੇ ਸੂਬਿਆਂ ਨਾਲ ਮਿਲ ਕੇ ਫੈਸਲਾ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ 15 ਸਤੰਬਰ ਤਕ ਬਿਆਸ ਅਤੇ ਸਤਲੁਜ ਦੇ ਕੈਚਮੈਂਟ ਖੇਤਰ 'ਚ ਜ਼ਿਆਦਾ ਬਰਸਾਤ ਨਹੀਂ ਹੈ, ਪਰ ਫਿਰ ਵੀ ਅਸੀਂ ਭਾਖੜਾ ਤੇ ਪੌਂਗ ਡੈਮ ਦੇ ਲੈਵਲ ਨੂੰ ਕੁਝ ਥੱਲੇ ਰੱਖਣਾ ਚਾਹੁੰਦੇ ਹਾਂ। ਉਨ੍ਹਾਂ ਦੱਸਿਆ ਕਿ ਪਾਣੀ ਛੱਡਣ ਤੋਂ ਪਹਿਲਾਂ ਸੰਬੰਧਿਤ ਜ਼ਿਲ੍ਹਿਆਂ ਨੂੰ 24 ਘੰਟੇ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ ਪਰ ਹੁਣ ਨਦੀਆਂ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨਾ ਸੂਬਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇਸ ਵਾਰ ਬਰਸਾਤ ਹੋਈ ਹੈ, ਜੇਕਰ ਇਹ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੀ ਪੰਜਾਬ 'ਚ ਹੜ੍ਹ ਆ ਗਿਆ ਹੁੰਦਾ। ਉਨ੍ਹਾਂ ਦੱਸਿਆ ਕਿ ਪੌਂਗ ਦੇ ਕੈਚਮੈਂਟ ਖੇਤਰ 'ਚ ਇਕ ਦਿਨ ਵਿਚ ਸਭ ਤੋਂ ਵੱਧ 2.20 ਲੱਖ ਕਿਊਸਿਕ ਪਾਣੀ ਆਇਆ ਜਦਕਿ ਭਾਖੜਾ ਵਿਚ 1.10 ਲੱਖ ਕਿਊਸਿਕ ਪਾਣੀ ਆਇਆ।
ਪੌਂਗ ਅਤੇ ਭਾਖੜਾ ਡੈਮਾਂ 'ਚ ਵਧ ਰਹੀ ਸਿਲਟ ਡੈਮਾਂ 'ਚ ਪਾਣੀ ਸਟੋਰ ਕਰਨ ਦੇ ਮਾਮਲੇ 'ਚ ਇਕ ਹੋਰ ਵੱਡੀ ਚੁਣੌਤੀ ਵੱਲ ਇਸ਼ਾਰਾ ਕਰਦੇ ਹੋਏ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਇਸ ਮਾਮਲੇ 'ਚ ਸੂਬਾ ਸਰਕਾਰਾਂ ਨੇ ਸੌੜੀ ਮਾਨਸਿਕਤਾ ਦਿਖਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਦੀ ਹੜ੍ਹ ਇਸ ਸੌੜੀ ਮਾਨਸਿਕਤਾ ਨੂੰ ਖਤਮ ਕਰਨ 'ਚ ਵਧੀਆ ਔਜ਼ਾਰ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਖੜਾ ਦੀ ਕੁੱਲ ਸਮਰੱਥਾ ਦਾ 25 ਫੀਸਦ ਸਿਲਟ ਹੈ ਤੇ ਇਹ ਉਦੋਂ ਹੀ ਦੂਰ ਹੋਵੇਗੀ ਜਦੋਂ ਅਸੀਂ ਡੈਮ ਨੂੰ ਖਾਲੀ ਕਰਨ ਦੀ ਦਿਸ਼ਾ ਵਿਚ ਜਾਵਾਂਗੇ। ਮਨੋਜ ਤ੍ਰਿਪਾਠੀ ਅਪ੍ਰੈਲ 2025 'ਚ ਹਰਿਆਣਾ ਨੂੰ ਪਾਣੀ ਦੇਣ ਦੇ ਸੰਦਰਭ 'ਚ ਉੱਠੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਉਨ੍ਹਾਂ ਨੂੰ ਪਾਣੀ ਦਿੱਤਾ ਵੀ ਜਾਵੇ, ਤਾਂ ਡੈਮ ਤਿੰਨ ਫੁੱਟ ਤੋਂ ਵੱਧ ਨਹੀਂ ਡਿੱਗੇਗਾ, ਪਰ ਇਸ ਸਮੇਂ ਆ ਰਹੇ ਪਾਣੀ ਦੇ ਅਨੁਪਾਤ 'ਚ ਇਹ ਬਹੁਤ ਹੀ ਘੱਟ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੰਬੰਧਿਤ ਸੂਬੇ ਮੌਨਸੂਨ ਤੋਂ ਪਹਿਲਾਂ ਡੈਮ ਨੂੰ ਘੱਟੋ-ਘੱਟ ਲੈਵਲ ਤਕ ਨਹੀਂ ਲੈ ਜਾਣ ਦਿੰਦੇ। ਉਨ੍ਹਾਂ ਦੇ ਮਨ ਵਿਚ ਇਹ ਚਿੰਤਾ ਰਹਿੰਦੀ ਹੈ ਕਿ ਜੇਕਰ ਅਜਿਹਾ ਹੋਇਆ ਅਤੇ ਮੌਨਸੂਨ ਨੇ ਧੋਖਾ ਦੇ ਦਿੱਤਾ ਤਾਂ ਕੀ ਹੋਵੇਗਾ? ਬੀਬੀਐਮਬੀ ਦੇ ਚੇਅਰਮੈਨ ਨੇ ਕਿਹਾ ਕਿ ਅੱਜਕਲ੍ਹ ਸਾਡੇ ਕੋਲ ਮੌਸਮ ਦੀ ਬਹੁਤ ਚੰਗੀ ਜਾਣਕਾਰੀ ਦੇਣ ਵਾਲਾ ਸਿਸਟਮ ਹੈ। ਇਸ ਸਾਲ ਵੀ ਮੌਸਮ ਵਿਭਾਗ ਨੇ ਸਾਨੂੰ ਅਪ੍ਰੈਲ 'ਚ ਹੀ ਦੱਸ ਦਿੱਤਾ ਸੀ ਕਿ ਬਾਰਿਸ਼ ਜ਼ਿਆਦਾ ਹੋਵੇਗੀ, ਪਰ ਫਿਰ ਵੀ ਅਸੀਂ ਡੈਮ ਨੂੰ ਘੱਟੋ-ਘੱਟ ਲੈਵਲ ਤਕ ਨਹੀਂ ਲੈ ਜਾ ਸਕੇ।
ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਸਿਲਟ ਨੂੰ ਖਤਮ ਕਰਨ ਲਈ ਇਸਨੂੰ ਕੱਢਣਾ ਜ਼ਰੂਰੀ ਹੈ। ਉਨ੍ਹਾਂ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਡਿਸਿਲਟਿੰਗ ਕਰਨ ਦੀ ਅਪੀਲ ਕੀਤੀ ਸੀ ਪਰ ਮਾਈਨਿੰਗ ਵਿਭਾਗ ਨੇ ਕੋਈ ਇਤਰਾਜ਼ ਲਗਾ ਦਿੱਤਾ। ਹੁਣ ਉਹ ਤਿਆਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਡੀਪ ਡਿਸਿਲਟਿੰਗ ਲਈ ਜਿੱਥੇ ਜਲ ਸ਼ਕਤੀ ਮੰਤਰੀ ਨਾਲ ਮਿਲ ਕੇ ਇਕ ਨੀਤੀ ਬਣਾਈ ਜਾ ਰਹੀ ਹੈ, ਉਥੇ ਆਸਟ੍ਰੇਲੀਆ ਦੀ ਕੰਪਨੀ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਜੋ ਇਸ ਤਰ੍ਹਾਂ ਦਾ ਕੰਮ ਕਰਦੀ ਹੈ। ਅਗਲੇ ਹਫ਼ਤੇ ਉਨ੍ਹਾਂ ਦੀ ਟੀਮ ਇੱਥੇ ਆ ਰਹੀ ਹੈ।