ਸੂਬੇ 'ਚ ਦੂਜੀ 'ਐਚਆਈਵੀ ਵਾਇਰਲ ਲੋਡ ਲੈਬ' ਨੂੰ ਮਨਜ਼ੂਰੀ ਮਿਲ ਗਈ ਹੈ ਜੋ ਇਕ ਮਹੀਨੇ ਦੇ ਅੰਦਰ ਪੰਚਕੂਲਾ 'ਚ ਸ਼ੁਰੂ ਹੋ ਜਾਵੇਗੀ। ਮੌਜੂਦਾ ਸਮੇਂ ਰੋਹਤਕ ਸਥਿਤ PGIMS ਦੀ ਇਕਲੌਤੀ ਲੈਬ 17 ਜ਼ਿਲ੍ਹਿਆਂ ਨੂੰ ਸੇਵਾਵਾਂ ਦੇ ਰਹੀ ਹੈ। ਪੰਚਕੂਲਾ 'ਚ ਨਵੀਂ ਲੈਬ ਸ਼ੁਰੂ ਹੋਣ ਨਾਲ ਜਾਂਚ ਰਿਪੋਰਟ ਮਿਲਣ 'ਚ ਲੱਗਣ ਵਾਲਾ ਸਮਾਂ ਘਟੇਗਾ।

ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ 'ਚ ਐਚਆਈਵੀ/ਏਡਜ਼ (HIV/AIDS) ਦੇ ਮਾਮਲਿਆਂ ਨੂੰ ਘੱਟੋ-ਘੱਟ ਪੱਧਰ 'ਤੇ ਲਿਆਉਣ ਲਈ ਹੁਣ ਗਰਭਵਤੀ ਔਰਤਾਂ ਦੇ ਨਾਲ-ਨਾਲ ਉਨ੍ਹਾਂ ਦੇ ਪਤੀਆਂ ਦੀ ਵੀ ਐਚਆਈਵੀ ਤੇ ਸਿਫਿਲਿਸ (Syphilis) ਦੀ ਸਾਂਝੀ ਜਾਂਚ ਕੀਤੀ ਜਾਵੇਗੀ। ਇਸ ਸਾਲ ਸੂਬੇ 'ਚ 5 ਲੱਖ 96 ਹਜ਼ਾਰ ਲੋਕਾਂ ਦੀ ਜਾਂਚ ਦਾ ਟੀਚਾ ਰੱਖਿਆ ਗਿਆ ਹੈ। ਹਰ ਸਾਲ ਲਗਪਗ 12 ਲੱਖ ਸਾਂਝੀਆਂ ਜਾਂਚਾਂ ਕੀਤੀਆਂ ਜਾਣਗੀਆਂ ਤਾਂ ਜੋ ਐਚਆਈਵੀ ਅਤੇ ਸਿਫਿਲਿਸ ਦੇ ਮਾਂ ਤੋਂ ਬੱਚੇ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਲਗਪਗ ਜ਼ੀਰੋ ਤੱਕ ਲਿਆਂਦਾ ਜਾ ਸਕੇ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਹੋਈ ਹਰਿਆਣਾ ਰਾਜ ਏਡਜ਼ ਕੰਟਰੋਲ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਖੂਨ ਜਾਂ ਸਰੀਰਕ ਤਰਲ ਪਦਾਰਥਾਂ ਰਾਹੀਂ ਹੋਣ ਵਾਲੀ ਜਿਨਸੀ ਲਾਗ ਦੀ ਬਿਮਾਰੀ ਦਾ ਪਤਾ ਲਗਾਉਣ ਲਈ ਇਹ ਟੈਸਟ ਕੀਤੇ ਜਾਂਦੇ ਹਨ। ਸਾਲ 2026-27 ਲਈ 47 ਕਰੋੜ ਰੁਪਏ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ।
ਸੂਬੇ 'ਚ ਦੂਜੀ 'ਐਚਆਈਵੀ ਵਾਇਰਲ ਲੋਡ ਲੈਬ' ਨੂੰ ਮਨਜ਼ੂਰੀ ਮਿਲ ਗਈ ਹੈ ਜੋ ਇਕ ਮਹੀਨੇ ਦੇ ਅੰਦਰ ਪੰਚਕੂਲਾ 'ਚ ਸ਼ੁਰੂ ਹੋ ਜਾਵੇਗੀ। ਮੌਜੂਦਾ ਸਮੇਂ ਰੋਹਤਕ ਸਥਿਤ PGIMS ਦੀ ਇਕਲੌਤੀ ਲੈਬ 17 ਜ਼ਿਲ੍ਹਿਆਂ ਨੂੰ ਸੇਵਾਵਾਂ ਦੇ ਰਹੀ ਹੈ। ਪੰਚਕੂਲਾ 'ਚ ਨਵੀਂ ਲੈਬ ਸ਼ੁਰੂ ਹੋਣ ਨਾਲ ਜਾਂਚ ਰਿਪੋਰਟ ਮਿਲਣ 'ਚ ਲੱਗਣ ਵਾਲਾ ਸਮਾਂ ਘਟੇਗਾ। ਇਸ ਤੋਂ ਇਲਾਵਾ ਕੈਥਲ, ਹਿਸਾਰ, ਪਾਣੀਪਤ ਤੇ ਫਰੀਦਾਬਾਦ 'ਚ ਚਾਰ ਨਵੀਂਆਂ CD-4 ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਕਰਨਾਲ ਅਤੇ ਪੰਚਕੂਲਾ ਵਿੱਚ ਨਵੀਂਆਂ CD-4 ਲੈਬਾਂ ਬਣਾਉਣ ਦਾ ਵੀ ਪ੍ਰਸਤਾਵ ਹੈ।
ਮੀਟਿੰਗ 'ਚ ਐਚਆਈਵੀ ਪੀੜਤ ਵਿਅਕਤੀਆਂ ਲਈ ਇਕ ਸੁਰੱਖਿਅਤ ਵੈੱਬ-ਅਧਾਰਤ ਪਲੇਟਫਾਰਮ ਵਿਕਸਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਰਾਹੀਂ ਵੌਇਸ ਮੈਸੇਜ, ਐਸਐਮਐਸ ਅਲਰਟ ਅਤੇ ਫਾਲੋ-ਅਪ ਰਿਮਾਈਂਡਰ ਭੇਜੇ ਜਾਣਗੇ। ਇਸ ਨਾਲ ਮਰੀਜ਼ਾਂ ਦੇ ਇਲਾਜ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕੇਗੀ।
ਸਰਕਾਰ ਦਾ ਟੀਚਾ 95 ਪ੍ਰਤੀਸ਼ਤ ਇਨਫੈਕਟਿਡ ਵਿਅਕਤੀਆਂ ਦੀ ਪਛਾਣ ਕਰਨਾ, 95 ਪ੍ਰਤੀਸ਼ਤ ਨੂੰ ਸਮੇਂ ਸਿਰ ਇਲਾਜ ਨਾਲ ਜੋੜਨਾ ਅਤੇ 99 ਪ੍ਰਤੀਸ਼ਤ ਮਰੀਜ਼ਾਂ 'ਚ ਵਾਇਰਲ ਲੋਡ ਨੂੰ ਕੰਟਰੋਲ ਕਰਨਾ ਹੈ। ਹਰ ਇੱਕ ਵਰਕਰ, ਚਾਹੇ ਉਹ ਰਸਮੀ ਖੇਤਰ ਵਿੱਚ ਹੋਵੇ ਜਾਂ ਗਿਗ ਵਰਕਰ, ਨੂੰ ਇਸ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਰੈੱਡ ਰਿਬਨ ਕਲੱਬ ਸਥਾਪਿਤ ਕਰਨ ਅਤੇ ਸਕੂਲਾਂ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਲਾਗੂ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।