ਹਰਚੰਦ ਬਰਸਟ ਵੱਲੋਂ ਕੌਸਾਂਬ ਦੀ ਡਾਇਰੀ-2026 ਰਿਲੀਜ਼
ਹਰਚੰਦ ਬਰਸਟ ਵੱਲੋਂ ਕੌਸਾਂਬ ਦੀ ਡਾਇਰੀ-2026 ਰਿਲੀਜ਼
Publish Date: Wed, 24 Dec 2025 06:17 PM (IST)
Updated Date: Wed, 24 Dec 2025 06:19 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਂਬ) ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੌਸਾਂਬ ਵੱਲੋਂ “ਤਾਜ਼ੀ ਪੈਦਾਵਾਰ ਦੀ ਪੁਨਰ ਪ੍ਰਾਪਤੀ ਦੀ ਸੰਭਾਵਨਾ ਨੂੰ ਉਜਾਗਰ ਕਰਨਾ” ਵਿਸ਼ੇ ’ਤੇ ਦਿੱਲੀ ਵਿਖੇ ਕਰਵਾਏ ਰਾਸ਼ਟਰੀ ਸੰਵਾਦ ਦੌਰਾਨ ਕੌਸਾਂਬ ਦੀ ਡਾਇਰੀ-2026 ਰਿਲੀਜ਼ ਕੀਤੀ। ਇਸ ਮੌਕੇ ਰਾਜ ਕੁਮਾਰ ਭਾਟੀਆ ਵਿਧਾਇਕ ਆਦਰਸ਼ ਨਗਰ, ਡਾ. ਮੀਤਾ ਪੰਜਾਬੀ ਸੀਨੀਅਰ ਫੂਡ ਸਿਸਟਮ ਅਫ਼ਸਰ ਐੱਫਏਓ/ਯੂਐੱਨ ਬੈਂਕਾਕ, ਅਨਿਲ ਡੱਬੂ ਚੇਅਰਮੈਨ ਉੱਤਰਾਖੰਡ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ, ਡਾ. ਜੇਐੱਸ ਯਾਦਵ ਮੈਨੇਜਿੰਗ ਡਾਇਰੈਕਟਰ ਕੌਸਾਂਬ, ਸੁਧਾਕਰ ਪੀਸੀਐੱਸ ਸਕੱਤਰ ਏਪੀਐੱਮਸੀ ਆਜ਼ਾਦਪੁਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਰੋਹ ਵਿਚ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੌਸਾਂਬ ਦੀ ਡਾਇਰੀ-2026 ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਐਗਰੀਕਲਚਰਲ ਮਾਰਕੀਟਿੰਗ ਬੋਰਡਾਂ, ਏਪੀਐੱਮਸੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਡਾਇਰੀ ਵਿਚ ਮਾਰਕੀਟਿੰਗ ਬੋਰਡਾਂ ਦੇ ਅਹਿਮ ਸੰਪਰਕ ਵੇਰਵੇ, ਨੀਤੀਆਂ, ਵੱਖ-ਵੱਖ ਰਾਜਾਂ ਵਿਚ ਲਾਗੂ ਕੀਤੀ ਜਾ ਰਹੀ ਮਾਰਕੀਟਿੰਗ ਫੀਸ, ਮਾਰਕੀਟ ਚਾਰਜ ਅਤੇ ਮਾਰਕੀਟਿੰਗ ਨਾਲ ਸਬੰਧਤ ਹੋਰ ਲਾਭਕਾਰੀ ਜਾਣਕਾਰੀਆਂ ਸ਼ਾਮਲ ਕੀਤੀਆਂ ਹਨ, ਜੋ ਆਪਸੀ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਦਦਗਾਰ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਬਹੁਤ ਹੀ ਮਿਹਨਤ ਨਾਲ ਫ਼ਸਲ ਦੀ ਪੈਦਾਵਾਰ ਕਰਦਾ ਹੈ। ਇਸ ਦੌਰਾਨ ਜਿੰਨਾ ਧਿਆਨ ਫ਼ਸਲ ਦਾ ਰੱਖਿਆ ਜਾਂਦਾ ਹੈ, ਉਸ ਤੋਂ ਵੱਧ ਧਿਆਨ ਜਿਨਸ ਦੀ ਸੰਭਾਲ ਅਤੇ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ’ਤੇ ਰੱਖਣ ਦੀ ਲੋੜ ਹੈ, ਕਿਉਂਕਿ ਸਹੀ ਢੰਗ ਨਾਲ ਸੰਭਾਲ ਨਾ ਹੋਣ ਕਰਕੇ ਲਗਭਗ 30 ਫ਼ੀਸਦੀ ਤੱਕ ਉਹ ਮਿਹਨਤ ਵਿਅਰਥ ਹੋ ਜਾਂਦੀ ਹੈ। ਇਸ ਲਈ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਇਸ ਲਈ ਸਾਰਿਆਂ ਨੂੰ ਵਿਸਥਾਰ ਨਾਲ ਚਰਚਾ ਕਰਕੇ ਢੁੱਕਵੇਂ ਹੱਲ ਲੱਭਣ ਦੀ ਲੋੜ ਹੈ। ਡਾ. ਜੇਐੱਸ ਯਾਦਵ ਨੇ ਕਿਹਾ ਕਿ ਕੌਸਾਂਬ ਵੱਲੋਂ ਤਿਆਰ ਕੀਤੀ ਇਹ ਡਾਇਰੀ ਸਿਰਫ਼ ਇਕ ਰੁਟੀਨ ਪ੍ਰਕਾਸ਼ਨ ਨਹੀਂ, ਸਗੋਂ ਇਹ ਖੇਤੀਬਾੜੀ ਮਾਰਕੀਟਿੰਗ ਦੇ ਖੇਤਰ ਵਿਚ ਕੰਮ ਕਰ ਰਹੇ ਅਧਿਕਾਰੀਆਂ ਲਈ ਰੈਫਰੈਂਸ ਡੌਕੂਮੈਂਟ ਵਜੋਂ ਕੰਮ ਕਰੇਗੀ।