ਰੈਲੀ ਕੱਢ ਕੇ ਨਸ਼ਿਆਂ ਵਿਰੁੱਧ ਤੇ ਸਫ਼ਾਈ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਗਿਆਨ ਜੋਤੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਸਫਾਈ ਅਭਿਆਨ ਹੇਠ ਰੈਲੀ ਦਾ ਆਯੋਜਨ
Publish Date: Tue, 29 Apr 2025 06:12 PM (IST)
Updated Date: Wed, 30 Apr 2025 04:02 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ, ਫ਼ੇਜ਼-2 ਵੱਲੋਂ ਮੁਹਾਲੀ ਨਗਰ ਨਿਗਮ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਤੇ ਮੇਰਾ ਵਾਰਡ ਮੇਰੀ ਸ਼ਾਨ ਮੁਹਿੰਮਾਂ ਹੇਠ ਇਕ ਉਤਸ਼ਾਹਪੂਰਨ ਰੈਲੀ ਕੱਢੀ ਗਈ। ਇਹ ਰੈਲੀ ਗਿਆਨ ਜੋਤੀ ਕੈਂਪਸ ਤੇ ਫ਼ੇਜ਼-2 ਮਾਰਕੀਟ ਇਲਾਕੇ ’ਚ ਕੱਢੀ ਗਈ, ਜਿਸ ਦਾ ਮੁਖ ਉਦੇਸ਼ ਸਫਾਈ ਲਈ ਜਾਗਰੂਕਤਾ ਫੈਲਾਉਣਾ ਤੇ ਨਸ਼ਿਆਂ ਦੇ ਨੁਕਸਾਨ ਬਾਰੇ ਨੌਜਵਾਨੀ ਨੂੰ ਅਗਾਹ ਕਰਨਾ ਸੀ। ਇਸ ਰੈਲੀ ’ਚ ਗਿਆਨ ਜੋਤੀ ਦੇ ਐੱਨਐੱਸਐੱਸ ਵਲੰਟੀਅਰ, ਵਿਦਿਆਰਥੀਆਂ ਤੇ ਅਧਿਆਪਕਾਂ ਨੇ ਜੋਸ਼ ਨਾਲ ਭਰਪੂਰ ਭਾਗ ਲਿਆ। ਉਨ੍ਹਾਂ ਬੈਨਰਾਂ ਰਾਹੀਂ ਵਾਤਾਵਰਨਕ ਜ਼ਿੰਮੇਵਾਰੀ, ਨਾਗਰਿਕ ਭੂਮਿਕਾ ਤੇ ਨਸ਼ਾ ਮੁਕਤੀ ਦੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਇਆ। ਬੇਸ਼ੱਕ ਇਸ ਰੈਲੀ ਨੇ ਸਮਾਜ ’ਚ ਇਕ ਸਕਾਰਾਤਮਕ ਸੁਨੇਹਾ ਛੱਡਿਆ। ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਇਹ ਰੈਲੀ ਵਿੱਦਿਅਕ ਅਦਾਰਿਆਂ ਦੀ ਸਮਾਜਿਕ ਜ਼ਿੰਮੇਵਾਰੀ ਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਡਾਇਰੈਕਟਰ ਬੇਦੀ ਨੇ ਮੁਹਾਲੀ ਨਗਰ ਨਿਗਮ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਨੌਜਵਾਨਾਂ ਅਤੇ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਈ ਇਕ ਬਿਹਤਰੀਨ ਪਲੇਟਫ਼ਾਰਮ ਦੱਸਿਆ। ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਮੁਹਾਲੀ ਨਗਰ ਨਿਗਮ ਅਤੇ ਗਿਆਨ ਜੋਤੀ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਸਮਾਜਕ ਜੁੜਾਓ ਨੂੰ ਮਜ਼ਬੂਤ ਕਰਦੇ ਹਨ ਅਤੇ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਤ ਕਰਦੇ ਹਨ। ਅੰਤ ’ਚ ਰੈਲੀ ਦੇ ਸਾਰੇ ਭਾਗੀਦਾਰਾਂ ਨੇ ਸਫਾਈ ਅਤੇ ਨਸ਼ਾ ਮੁਕਤੀ ਲਈ ਆਪਣੀ ਦੈਨਿਕ ਜ਼ਿੰਦਗੀ ਵਿਚ ਭਰਪੂਰ ਯੋਗਦਾਨ ਪਾਉਣ ਦੀ ਸਹੁੰ ਚੁੱਕੀ।