ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੈਡੀਟੇਸ਼ਨ ਨੂੰ ਅਪਣਾਇਆ : ਬੈਂਸ
ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੈਡੀਟੇਸ਼ਨ ਨੂੰ ਅਪਣਾਇਆ : ਹਰਜੋਤ ਬੈਂਸ
Publish Date: Thu, 05 Feb 2026 08:50 PM (IST)
Updated Date: Thu, 05 Feb 2026 08:53 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਅੱਪਰ-ਪ੍ਰਾਇਮਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਡੀ ਤੇ ਨਵੇਕਲੀ ਪੁਲਾਂਘ ਪੁੱਟਦਿਆਂ ‘ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ। ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਨੇ ਵੀਰਵਾਰ ਨੂੰ ਮੁਹਾਲੀ ਵਿਚ ਇਕ ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਤੰਦਰੁਸਤੀ ਵਧਾਉਣ ਦੇ ਉਦੇਸ਼ ਵਾਲੇ ‘ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੇ ਲਾਗੂਕਰਨ ਅਤੇ ਪ੍ਰਭਾਵਾਂ ਬਾਰੇ ਵਰਕਸ਼ਾਪ ’ਚ ਮੌਜੂਦ ਲੋਕਾਂ ਨੂੰ ਜਾਣੂ ਕਰਵਾਇਆ। ਮੰਤਰੀ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੀ ਗਈ ਇਸ ਪਹਿਲਕਦਮੀ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਹੁਣ ਸ਼ਾਂਤ, ਇਕਾਗਰ ਅਤੇ ਭਾਵਾਨਾਤਮਕ ਤੌਰ ’ਤੇ ਮਜ਼ਬੂਤ ਹੋ ਰਹੇ ਹਨ। ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ (ਐੱਨਆਈਐੱਲਪੀ) ਵਰਗੇ ਵਿਦਿਅਕ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ 19 ਜਨਵਰੀ, 2026 ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਤਹਿਤ ਰੋਜ਼ਾਨਾ ਅਭਿਆਸ ਵਿਚ ਸਵੇਰ ਦੀ ਸਭਾ ਤੋਂ ਬਾਅਦ 30-ਮਿੰਟ ਦਾ ਮੈਡੀਟੇਸ਼ਨ ਸੈਸ਼ਨ ਕਰਵਾਇਆ ਜਾਂਦਾ ਹੈ। ਇਕਸਾਰਤਾ ਅਤੇ ਨਿਰੰਤਰਤਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਕੂਲਾਂ ਵਿਚ ਸਾਢੇ ਇੱਕੀ ਮਿੰਟ ਦਾ ਧਿਆਨ ਮਾਡਿਊਲ ਪ੍ਰਸਾਰਿਤ ਅਤੇ ਲਾਗੂ ਕੀਤਾ ਗਿਆ ਹੈ। ਸਿੱਖਿਅਕਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ, “ਸੱਚੀ ਸਿੱਖਿਆ ਸਿਰਫ਼ ਅਕਾਦਮਿਕ ਗਿਆਨ ਬਾਰੇ ਨਹੀਂ ਹੈ, ਸਗੋਂ ਲਚਕੀਲੇ, ਭਾਵਨਾਤਮਕ ਤੌਰ ’ਤੇ ਦ੍ਰਿੜ ਅਤੇ ਇਕਾਗਰ ਵਿਅਕਤੀਆਂ ’ਤੇ ਕੇਂਦਰਿਤ ਹੁੰਦੀ ਹੈ। ਇਹ ਨਵੇਕਲੀ ਪਹਿਲ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿਚ ਇਕ ਸੁਚੇਤ ਨਿਵੇਸ਼ ਹੈ। ਸ਼ੁਰੂਆਤੀ ਫੀਡਬੈਕ, ਮਾਨਸਿਕ ਸਥਿਰਤਾ ਵਿਚ ਵਾਧਾ ਅਤੇ ਇਕਾਗਰਤਾ ਨੂੰ ਦਰਸਾਉਂਦਾ ਹੈ, ਇਹ ਪੰਜਾਬ ਭਰ ਵਿਚ ਇਕ ਵਧੇਰੇ ਸਹਾਇਕ ਅਤੇ ਸਕਾਰਾਤਮਕ ਸਿੱਖਣ ਵਾਤਾਵਰਨ ਬਣਾਉਣ ਵਿਚ ਸਾਡੇ ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੈ।” ਮਨੀਸ਼ ਸਿਸੋਦੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਧਿਆਨ ਕਰਨ ਨਾਲ ਸਾਡੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵਿਚ ਸੁਧਾਰ ਹੁੰਦਾ ਹੈ। ਉਨ੍ਹਾਂ ਸਕੂਲ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਧਿਆਨ ਪ੍ਰੋਗਰਾਮ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਹਰੇਕ ਵਿਦਿਆਰਥੀ ਤੱਕ ਇਸਦਾ ਲਾਭ ਪਹੁੰਚੇ ਤਾਂ ਜੋ ਉਨ੍ਹਾਂ ਦੇ ਸਮੁੱਚੇ ਵਿਕਾਸ ਅਤੇ ਤੰਦਰੁਸਤੀ ਵਿਚ ਵਾਧਾ ਹੋ ਸਕੇ। ਡੀਈਓ (ਸੈਕੰਡਰੀ) ਮੁਹਾਲੀ ਡਾ. ਗਿੰਨੀ ਦੁੱਗਲ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਲਾਭਾਂ ’ਤੇ ਚਾਨਣਾ ਪਾਇਆ।