ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ, ਹੁਣ ਸਵੇਰੇ 8 ਵਜੇ ਖੁੱਲ੍ਹਣਗੇ ਹਸਪਤਾਲ, ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਰਜਿਸਟਰੇਸ਼ਨ ਕਾਊਂਟਰ
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਫ਼ੇਜ਼-6 ਮੁਹਾਲੀ ਦਾ ਕੰਮਕਾਜੀ ਸਮਾਂ ਪਹਿਲਾਂ ਹੀ ਬਦਲ ਕੇ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਕੀਤਾ ਗਿਆ ਸੀ, ਜੋ 1 ਅਪ੍ਰੈਲ ਤੋਂ ਲਾਗੂ ਹੈ।
Publish Date: Wed, 15 Apr 2026 05:00 PM (IST)
Updated Date: Wed, 15 Apr 2026 05:03 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐਸਏਐਸ ਨਗਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦਾ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਸਮੇਤ ਸਾਰੇ ਸਰਕਾਰੀ ਸਿਹਤ ਕੇਂਦਰ ਸਵੇਰੇ ਖੁੱਲ੍ਹਣ ਅਤੇ ਦੁਪਹਿਰ ਸਮੇਂ ਬੰਦ ਹੋਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਹੁਣ ਸਵੇਰੇ 8 ਵਜੇ ਖੁੱਲ੍ਹਣਗੀਆਂ ਅਤੇ ਦੁਪਹਿਰ 2 ਵਜੇ ਬੰਦ ਹੋਣਗੀਆਂ। ਇਹ ਤਾਜਾ ਹੁਕਮ 16 ਅਪ੍ਰੈਲ (ਵੀਰਵਾਰ) ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ l ਇਸ ਤੋਂ ਪਹਿਲਾਂ ਹਸਪਤਾਲ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਅਤੇ ਬੰਦ ਹੋਣ ਦਾ ਸਮਾਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਸੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਫ਼ੇਜ਼-6 ਮੁਹਾਲੀ ਦਾ ਕੰਮਕਾਜੀ ਸਮਾਂ ਪਹਿਲਾਂ ਹੀ ਬਦਲ ਕੇ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਕੀਤਾ ਗਿਆ ਸੀ, ਜੋ 1 ਅਪ੍ਰੈਲ ਤੋਂ ਲਾਗੂ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹਸਪਤਾਲਾਂ ਵਿਚਲੇ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁੱਲ੍ਹਣ ਦੇ ਨਿਯਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਤਾਂ ਜੋ ਪਰਚੀ ਬਣਾਉਣ ਸਮੇਂ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਨਾ ਲੱਗਣ ਅਤੇ ਮਰੀਜ਼ ਅਪਣੀ ਜਾਂਚ ਤੇ ਇਲਾਜ ਦਾ ਕੰਮ ਆਰਾਮ ਨਾਲ ਸਮੇਂ ਸਿਰ ਕਰਵਾ ਸਕਣ।
ਉਂਜ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਜਾਰੀ ਰਹਿਣਗੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਿਵਲ ਸਰਜਨ ਦਫ਼ਤਰ ਅਤੇ ਹਸਪਤਾਲਾਂ ਅੰਦਰਲੇ ਦਫ਼ਤਰਾਂ ਦੇ ਕੰਮ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ, ਜਿਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ।