ਸ਼ਹਿਰ ਵਿਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕਿੱਲਤ ਤੋਂ ਬਾਅਦ ਹੁਣ ਘਰੇਲੂ ਰਸੋਈ ਗੈਸ ਨੂੰ ਲੈ ਕੇ ਵੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਜੰਗ ਵਰਗੇ ਹਾਲਾਤਾਂ ਕਾਰਨ ਗੈਸ ਸਪਲਾਈ ਵਿਚ ਆਈ ਅਨਿਸ਼ਚਿਤਤਾ ਨੇ ਆਮ ਜਨਤਾ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਵਿਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕਿੱਲਤ ਤੋਂ ਬਾਅਦ ਹੁਣ ਘਰੇਲੂ ਰਸੋਈ ਗੈਸ ਨੂੰ ਲੈ ਕੇ ਵੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਜੰਗ ਵਰਗੇ ਹਾਲਾਤਾਂ ਕਾਰਨ ਗੈਸ ਸਪਲਾਈ ਵਿਚ ਆਈ ਅਨਿਸ਼ਚਿਤਤਾ ਨੇ ਆਮ ਜਨਤਾ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਭਵਿੱਖ ਵਿਚ ਹੋਣ ਵਾਲੀ ਭਾਰੀ ਕਿੱਲਤ ਦੇ ਡਰੋਂ ਲੋਕਾਂ ਵਿਚ ਪਹਿਲਾਂ ਹੀ ਸਿਲੰਡਰ ਬੁੱਕ ਕਰਵਾਉਣ ਦੀ ਹੋੜ ਲੱਗ ਗਈ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਸ਼ਹਿਰ ਦੀਆਂ ਤਿੰਨ ਪ੍ਰਮੁੱਖ ਗੈਸ ਏਜੰਸੀਆਂ ਵਿਚ ਘਰੇਲੂ ਸਿਲੰਡਰਾਂ ਦੀ ਪੈਂਡਿੰਗ ਬੁਕਿੰਗ ਦਾ ਅੰਕੜਾ 7 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਪੈਨਿਕ ਬੁਕਿੰਗ ਕਾਰਨ ਆਨਲਾਈਨ ਸਿਸਟਮ ਵੀ ਜਵਾਬ ਦੇਣ ਲੱਗਾ ਹੈ। ਪਿਛਲੇ ਤਿੰਨ ਦਿਨਾਂ ਤੋਂ ਕਮਰਸ਼ੀਅਲ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਫ਼ੈਲਦਿਆਂ ਹੀ ਘਰੇਲੂ ਖਪਤਕਾਰਾਂ ਵਿਚ ਘਬਰਾਹਟ ਪੈਦਾ ਹੋ ਗਈ। ਜ਼ੀਰਕਪੁਰ ਦੀਆਂ ਮੁੱਖ ਗੈਸ ਏਜੰਸੀਆਂ ਜ਼ੀਰਕਪੁਰ ਇੰਡੇਨ, ਮਿਲਖੀ ਗੈਸ ਏਜੰਸੀ ਅਤੇ ਆਯੂਸ਼ ਗੈਸ ਏਜੰਸੀ 'ਤੇ ਬੁਕਿੰਗ ਦਾ ਬੋਝ ਅਚਾਨਕ ਵਧ ਗਿਆ ਹੈ।
ਸਵੇਰੇ 10 ਵਜੇ ਹੀ ਓਵਰਲੋਡ ਹੋ ਜਾਂਦਾ ਹੈ ਸਰਵਰ :
ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਲੋਕ ਜ਼ਰੂਰਤ ਨਾ ਹੋਣ 'ਤੇ ਵੀ ਸਿਲੰਡਰ ਬੁੱਕ ਕਰਵਾ ਰਹੇ ਹਨ, ਜਿਸ ਕਾਰਨ ਸਰਵਰ ਸਵੇਰੇ 10 ਵਜੇ ਹੀ ਓਵਰਲੋਡ ਹੋ ਜਾਂਦਾ ਹੈ। ਆਲਮ ਇਹ ਹੈ ਕਿ ਲੋਕ ਬੁਕਿੰਗ ਲਈ ਹੁਣ ਸਿਫਾਰਸ਼ਾਂ ਦਾ ਸਹਾਰਾ ਲੈ ਰਹੇ ਹਨ। ਸੰਚਾਲਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਟੋਲ-ਫ੍ਰੀ ਨੰਬਰ 'ਤੇ ਕਾਲਾਂ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਨੰਬਰ ਮਿਲਣਾ ਹੀ ਬੰਦ ਹੋ ਗਿਆ ਹੈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਸਪਲਾਈ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਪਰ ਮੌਜੂਦਾ ਭੀੜ ਕਾਰਨ ਡਿਲੀਵਰੀ ਵਿਚ 8 ਤੋਂ 10 ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਹੋਟਲ ਇੰਡਸਟਰੀ 'ਤੇ ਮਾਰ:
ਗੈਸ ਦੀ ਕਿੱਲਤ ਨੇ ਜ਼ੀਰਕਪੁਰ ਦੇ ਰੈਸਟੋਰੈਂਟ ਅਤੇ ਹੋਟਲ ਇੰਡਸਟਰੀ ਦਾ ਸਿਸਟਮ ਵੀ ਹਿਲਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕਈ ਵੱਡੇ ਹੋਟਲਾਂ ਨੇ ਫਿਲਹਾਲ ਛੋਟੀਆਂ ਪਾਰਟੀਆਂ ਅਤੇ ਸਮਾਗਮਾਂ ਦੀ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ। ਗੈਸ ਦੀ ਕਮੀ ਕਾਰਨ ਫੂਡ ਮੈਨਿਊ ਵਿਚ ਵੀ ਵੱਡੇ ਬਦਲਾਅ ਕੀਤੇ ਗਏ ਹਨ। ਜਿਹੜੀਆਂ ਡਿਸ਼ਾਂ ਤਿਆਰ ਕਰਨ ਵਿਚ ਜ਼ਿਆਦਾ ਗੈਸ ਖ਼ਰਚ ਹੁੰਦੀ ਹੈ, ਉਨ੍ਹਾਂ ਨੂੰ ਆਰਜ਼ੀ ਤੌਰ 'ਤੇ ਮੈਨਿਊ ਵਿਚੋਂ ਹਟਾ ਦਿੱਤਾ ਗਿਆ ਹੈ।
ਢਕੌਲੀ ਸਥਿਤ ਇਕ ਰੈਸਟੋਰੈਂਟ ਸੰਚਾਲਕ ਨੇਹਾ ਗਾਂਧੀ ਨੇ ਦੱਸਿਆ ਕਿ ਪਹਿਲਾਂ ਕਮਰਸ਼ੀਅਲ ਸਿਲੰਡਰ ਅਗਲੇ ਦਿਨ ਮਿਲ ਜਾਂਦਾ ਸੀ, ਪਰ ਹੁਣ ਸਮੱਸਿਆ ਵਧ ਰਹੀ ਹੈ। ਕੈਟਰਿੰਗ ਅਤੇ ਟੈਂਟ ਹਾਊਸ ਸੰਚਾਲਕਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਤੋਂ ਕਮਰਸ਼ੀਅਲ ਸਿਲੰਡਰ ਦੇ ਮਨਮੰਗੇ ਭਾਅ ਵਸੂਲੇ ਜਾ ਰਹੇ ਹਨ। ਡੋਸਾ, ਟਿੱਕੀ ਅਤੇ ਚਾਟ ਵਰਗੇ ਆਈਟਮਾਂ ਲਈ ਗੈਸ ਲਾਜ਼ਮੀ ਹੋਣ ਕਾਰਨ ਇਨ੍ਹਾਂ ਦੇ ਕਾਊਂਟਰ ਚਲਾਉਣ ਵਾਲੇ ਸਭ ਤੋਂ ਵੱਧ ਪਰੇਸ਼ਾਨ ਹਨ।
''ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ। ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕੋਈ ਇਸ ਆਰਜ਼ੀ ਸਮੱਸਿਆ ਦਾ ਫ਼ਾਇਦਾ ਉਠਾ ਕੇ ਕਾਲਾਬਾਜ਼ਾਰੀ ਕਰ ਰਿਹਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।''
ਵਰੁਣ ਗੋਇਲ, ਅਸਿਸਟੈਂਟ ਫੂਡ ਸਪਲਾਈ ਅਫ਼ਸਰ, ਮੁਹਾਲੀ।