ਸ਼ਹਿਰ ‘ ਚ ਗੈਂਗਸਟਰਾਂ ਦੇ ਹੌਸਲੇ ਬੁਲੰਦ, ਦਵਾਈਆਂ ਦੀ ਦੁਕਾਨ ਤੋ ਬਾਅਦ ਬਿਲਡਰ ਦੇ ਘਰ ‘ ਤੇ ਹੋਈ ਫਾਇਰਿੰਗ
ਸ਼ਹਿਰ "ਚ ਗੈਂਗਸਟਰਾਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆ ਰਹੇ ਹਨ। ਵੀਰਵਾਰ ਰਾਤ ਸ਼ਹਿਰ ਵਿੱਚ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਨੇ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲੀ ਵਾਰਦਾਤ ਰਾਤ ਕਰੀਬ 10 ਵਜੇ ਸੈਕਟਰ-32 ਸਥਿਤ ਸੇਵਕ ਫਾਰਮੇਸੀ ’ਤੇ ਵਾਪਰੀ, ਜਿੱਥੇ ਐਕਟਿਵਾ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ।
Publish Date: Fri, 16 Jan 2026 07:23 PM (IST)
Updated Date: Fri, 16 Jan 2026 07:43 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ "ਚ ਗੈਂਗਸਟਰਾਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆ ਰਹੇ ਹਨ। ਵੀਰਵਾਰ ਰਾਤ ਸ਼ਹਿਰ ਵਿੱਚ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਨੇ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲੀ ਵਾਰਦਾਤ ਰਾਤ ਕਰੀਬ 10 ਵਜੇ ਸੈਕਟਰ-32 ਸਥਿਤ ਸੇਵਕ ਫਾਰਮੇਸੀ ’ਤੇ ਵਾਪਰੀ, ਜਿੱਥੇ ਐਕਟਿਵਾ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਇਸ ਤੋਂ ਕੁਝ ਘੰਟਿਆਂ ਬਾਅਦ ਦੇਰ ਰਾਤ ਕਰੀਬ ਡੇਢ ਵਜੇ ਸੈਕਟਰ-21 ਵਿੱਚ ਸਥਿਤ ‘ਦਾ ਐਡਰੈੱਸ ਗਰੁੱਪ’ ਦੇ ਬਿਲਡਰ ਅੰਕਿਤ ਸਿਧਾਨਾ ਦੀ ਕੋਠੀ ’ਤੇ ਅਣਪਛਾਤੇ ਬਦਮਾਸ਼ਾਂ ਨੇ ਤਾਬੜਤੋੜ ਗੋਲੀਬਾਰੀ ਕਰਕੇ ਦਹਿਸ਼ਤ ਫੈਲਾ ਦਿੱਤੀ। ਦੇਰ ਰਾਤ ਬਾਈਕ ਸਵਾਰ ਬਦਮਾਸ਼ ਕੋਠੀ ਦੇ ਬਾਹਰ ਪਹੁੰਚੇ ਅਤੇ ਪੰਜ ਰਾਊਂਡ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਕੋਠੀ ਦੇ ਮੁੱਖ ਗੇਟ ਨੂੰ ਭੇਦ ਕੇ ਅੰਦਰ ਜਾ ਲੱਗੀ, ਜਦਕਿ ਬਾਕੀ ਗੋਲੀਆਂ ਗੇਟ ’ਤੇ ਹੀ ਲੱਗੀਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਨੂੰ ਮੌਕੇ ਤੋਂ ਇੱਕ ਵੀ ਗੋਲੀ ਦਾ ਖਾਲੀ ਖੋਲ ਨਹੀਂ ਮਿਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਵੇਲੇ ਸਿਧਾਨਾ ਕੋਠੀ ਦੇ ਅੰਦਰ ਸੋ ਰਹੇ ਸਨ, ਜਦਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਪੰਜ ਗਨਮੈਨ ਵੀ ਕੋਠੀ ਦੇ ਅੰਦਰ ਹੀ ਮੌਜੂਦ ਸਨ। ਉਨ੍ਹਾਂ ਦੀ ਪਤਨੀ ਅਤੇ ਬੱਚੇ ਦੁਬਈ ਵਿੱਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਧਾਨਾ ਦੋ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਏ ਸਨ ਅਤੇ ਵੀਰਵਾਰ ਨੂੰ ਹੀ ਦਿੱਲੀ ਤੋਂ ਆਪਣੀ ਸੈਕਟਰ-21 ਸਥਿਤ ਕੋਠੀ ਪਹੁੰਚੇ ਸਨ। ਗੋਲੀਬਾਰੀ ਦੀ ਆਵਾਜ਼ ਉਨ੍ਹਾਂ ਨੇ ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਸੁਣੀ, ਪਰ ਸਭ ਨੂੰ ਲੱਗਿਆ ਕਿ ਕਿਸੇ ਨੇ ਪਟਾਖੇ ਫੋੜੇ ਹਨ। ਇਸ ਕਾਰਨ ਤੁਰੰਤ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਜਾ ਸਕੀ।
ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਜਦੋਂ ਸਿਧਾਨਾ ਉੱਠੇ ਤਾਂ ਉਨ੍ਹਾਂ ਨੂੰ ਗੇਟ ’ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਏ, ਤਦ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਸੈਕਟਰ-19 ਥਾਣਾ ਪੁਲਿਸ ਦੇ ਨਾਲ-ਨਾਲ ਕਰਾਈਮ ਬ੍ਰਾਂਚ ਅਤੇ ਡਿਸਟ੍ਰਿਕਟ ਕਰਾਈਮ ਸੈਲ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਖਾਲੀ ਖੋਲ ਬਰਾਮਦ ਨਹੀਂ ਹੋਇਆ। ਹਾਲਾਂਕਿ ਗੇਟ ਵਿੱਚ ਫਸੀ ਗੋਲੀ ਦੇ ਟੁਕੜੇ ਪੁਲਿਸ ਨੂੰ ਮਿਲੇ ਹਨ।