ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੁਰ ਮਾਤਰਾ ਵਿੱਚ ਉਪਲਬਧਤਾ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਤੇਲ ਦਾ ਪੂਰਾ ਸਟਾਕ ਮੌਜੂਦ ਹੈ ਅਤੇ ਸਪਲਾਈ ਪ੍ਰਕਿਰਿਆ ਬਿਨਾ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਜਾਰੀ ਹੈ।

ਤਰੁਣ ਭਜਨੀ, ਚੰਡੀਗੜ੍ਹ। ਸੋਮਵਾਰ (18 ਮਈ, 2026) ਨੂੰ, ਸੈਕਟਰ 17, ਚੰਡੀਗੜ੍ਹ ਦੇ ਐਚਪੀ ਪੈਟਰੋਲ ਪੰਪ 'ਤੇ ਪੈਟਰੋਲ ਅਤੇ ਡੀਜ਼ਲ ਦੀ ਸੀਮਾ ਲਗਾਈ ਗਈ। ਇਹ ਐਲਾਨ ਕੀਤਾ ਗਿਆ ਸੀ ਕਿ ਦੋਪਹੀਆ ਵਾਹਨਾਂ ਲਈ ਵੱਧ ਤੋਂ ਵੱਧ ₹500 ਮੁੱਲ ਦਾ ਪੈਟਰੋਲ ਜਾਂ ਡੀਜ਼ਲ ਅਤੇ ਚਾਰ ਪਹੀਆ ਵਾਹਨਾਂ ਲਈ ₹1500 ਮੁੱਲ ਦਾ ਪੈਟਰੋਲ ਜਾਂ ਡੀਜ਼ਲ ਇੱਕ ਵਾਰ ਵਿੱਚ ਦਿੱਤਾ ਜਾਵੇਗਾ। ਇਸ ਨਾਲ ਪੂਰੇ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ।
ਚੰਡੀਗੜ੍ਹ ਵਿੱਚ ਪੈਟਰੋਲ-ਡੀਜ਼ਲ ਦੀ ਸੀਮਾ ਤੈਅ ਕਰਨ ਦੀਆਂ ਖ਼ਬਰਾਂ ਫ਼ਰਜ਼ੀ, ਪ੍ਰਸ਼ਾਸਨ ਨੇ ਕੀਤਾ ਖੰਡਨ
ਤਰੁਣ ਭਜਨੀ, ਚੰਡੀਗੜ੍ਹ:
ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਸ਼ਹਿਰ ਦੇ ਪੈਟਰੋਲ ਪੰਪਾਂ ‘ਤੇ ਅਸਥਾਈ ਤੌਰ ‘ਤੇ ਤੇਲ ਦੀ ਸੀਮਾ ਤੈਅ ਕੀਤੇ ਜਾਣ ਸੰਬੰਧੀ ਗੁੰਮਰਾਹ ਕਰਨ ਵਾਲੀਆਂ ਅਤੇ ਫ਼ਰਜ਼ੀ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖ਼ਬਰਾਂ ਵਿੱਚ ਸਥਾਨਕ ਸਪਲਾਈ ਵਿੱਚ ਰੁਕਾਵਟਾਂ ਦਾ ਹਵਾਲਾ ਦਿੰਦਿਆਂ ਦੋਪਹੀਆ ਵਾਹਨਾਂ ਲਈ 500 ਰੁਪਏ ਅਤੇ ਚਾਰਪਹੀਆ ਵਾਹਨਾਂ ਲਈ 1500 ਰੁਪਏ ਤੱਕ ਤੇਲ ਦੀ ਸੀਮਾ ਨਿਰਧਾਰਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ, ਨਿਸ਼ਾਂਤ ਕੁਮਾਰ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੀਮਾ ਜਾਂ ਪਾਬੰਦੀ ਲਗਾਉਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੁਰ ਮਾਤਰਾ ਵਿੱਚ ਉਪਲਬਧਤਾ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਤੇਲ ਦਾ ਪੂਰਾ ਸਟਾਕ ਮੌਜੂਦ ਹੈ ਅਤੇ ਸਪਲਾਈ ਪ੍ਰਕਿਰਿਆ ਬਿਨਾ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਜਾਰੀ ਹੈ।
ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਬੇਲੋੜੀ ਤੌਰ ‘ਤੇ ਤੇਲ ਦਾ ਭੰਡਾਰਨ ਜਾਂ ਵੱਧ ਖਰੀਦਦਾਰੀ ਨਾ ਕਰਨ। ਸ਼ਹਿਰ ਦੇ ਸਾਰੇ ਰਿਟੇਲ ਫਿਊਲ ਆਊਟਲੈਟਸ ‘ਤੇ ਪ੍ਰਚੁਰ ਮਾਤਰਾ ਵਿੱਚ ਤੇਲ ਉਪਲਬਧ ਹੈ।
ਚੰਡੀਗੜ੍ਹ ਪ੍ਰਸ਼ਾਸਨ ਸੰਬੰਧਿਤ ਆਇਲ ਮਾਰਕੀਟਿੰਗ ਕੰਪਨੀਆਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਦਿਆਂ ਸਥਿਤੀ ‘ਤੇ ਨਿਗਰਾਨੀ ਕਰ ਰਿਹਾ ਹੈ, ਤਾਂ ਜੋ ਸ਼ਹਿਰ ਵਿੱਚ ਪੈਟਰੋਲਿਅਮ ਉਤਪਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ।
ਸੈਕਟਰ 17, ਚੰਡੀਗੜ੍ਹ ਦੇ ਐਚਪੀ ਪੈਟਰੋਲ ਪੰਪ 'ਤੇ ਪੈਟਰੋਲ ਅਤੇ ਡੀਜ਼ਲ ਦੀ ਸੀਮਾ ਬਾਰੇ ਪੋਸਟਰ ਲਗਾਉਣ ਦੇ ਸੰਬੰਧ ਵਿੱਚ, ਪੈਟਰੋਲ ਪੰਪ ਮੈਨੇਜਰ, ਕੁਲਵਿੰਦਰ ਸਿੰਘ ਨੇ ਕਿਹਾ ਕਿ ਬਾਲਣ ਦਾ ਸਟਾਕ ਘੱਟ ਸੀ। ਟੈਂਕਰ ਦੀ ਸਪਲਾਈ ਪਿਛਲੇ ਦਿਨ, ਐਤਵਾਰ ਨੂੰ ਨਹੀਂ ਪਹੁੰਚੀ ਸੀ, ਜਿਸ ਕਾਰਨ ਸੋਮਵਾਰ ਨੂੰ ਸਟਾਕ ਘੱਟ ਸੀ।